ਫ਼ਾਜ਼ਿਲਕਾ, 2 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਅਮਰਪ੍ਰੀਤ ਕੌਰ ਸੰਧੂ ਆਈ. ਏ. ਐੱਸ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 (ਪੁਰਾਣੀ ਸੀ. ਆਰ. ਪੀ. ਸੀ., 1973 ਦੀ ਧਾਰਾ 144) ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦਿਆਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ | ਇਹ ਪਾਬੰਦੀਆਂ 28 ਫਰਵਰੀ 2026 ਤੱਕ ਲਾਗੂ ਰਹਿਣਗੀਆਂ ਤੇ ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਹੁਕਮਾਂ 'ਚ ਜ਼ਿਲੇ੍ਹ ਦੀਆਂ ਸਰਕਾਰੀ ਇਮਾਰਤਾਂ ਤੇ ਪਾਣੀ ਦੀਆਂ ਟੈਂਕੀਆਂ ਆਦਿ ਦੀ ਸੁਰੱਖਿਆ ਲਈ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਂਦੇ ਅਧਿਕਾਰੀ/ ਕਰਮਚਾਰੀ, ਚੌਕੀਦਾਰ ਦੀ 24 ਘੰਟੇ ਲਈ ਡਿਊਟੀ ਲਗਾਉਣ, ਤਾਂ ਜੋ ਕਿਸੇ ਵੀ ਜਥੇਬੰਦੀ ਵਲੋਂ ਰੋਸ ਪ੍ਰਦਰਸ਼ਨ ਦੀ ਕਾਰਵਾਈ ਨੂੰ ਰੋਕਿਆ ਜਾ ਸਕੇ | ਹੁਕਮਾਂ 'ਚ ਕਿਹਾ ਕਿ ਅਕਸਰ ਹੀ ਵੇਖਣ ਵਿਚ ਆਉਂਦਾ ਹੈ ਕਿ ਵੱਖ-ਵੱਖ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਅਣਅਧਿਕਾਰਤ ਤੌਰ 'ਤੇ ਵੱਖ-ਵੱਖ ਸਰਕਾਰੀ ਇਮਾਰਤਾਂ, ਜਿਸ 'ਚ ਪਾਣੀ ਦੀਆਂ ਟੈਂਕੀਆਂ ਵੀ ਸ਼ਾਮਿਲ ਹਨ ਤੇ ਚੜ੍ਹ ਕੇ ਆਤਮਦਾਹ ਦੀ ਧਮਕੀਆਂ ਦਿੱਤੀਆਂ ਜਾਂਦੀਆਂ ਹਨ | ਇਨ੍ਹਾਂ ਹਾਲਾਤਾਂ ਨੂੰ ਨਜਿੱਠਣ ਲਈ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਲਈ ਇਨ੍ਹਾਂ ਇਮਾਰਤਾਂ, ਬਿਲਡਿੰਗਾਂ, ਟੈਂਕੀਆਂ 'ਤੇ ਚੜ੍ਹ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਰੋਕਿਆ ਜਾਣਾ ਜ਼ਰੂਰੀ ਹੈ | ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਦੀ ਸੂਰਤ 'ਚ ਸੰਬੰਧਿਤ ਵਿਭਾਗ ਦੇ ਜ਼ਿਲ੍ਹਾ ਮੁਖੀ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇਗੀ | ਪਾਬੰਦੀਆਂ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ 'ਚ ਸ਼ਾਮ ਨੂੰ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ ਢੁਆਈ 'ਤੇ ਪੂਰਨ ਪਾਬੰਦੀ ਲਗਾਈ ਹੈ | ਹੁਕਮਾਂ ਵਿਚ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ ਉਹ ਪਸ਼ੂ ਪਾਲਨ ਵਿਭਾਗ ਪਾਸ ਰਜਿਸਟਰਡ ਜ਼ਰੂਰ ਕਰਵਾਉਣ | ਜ਼ਿਲ੍ਹਾ ਮੈਜਿਸਟਰੇਟ ਦੇ ਜਾਰੀ ਹੁਕਮਾਂ ਅਨੁਸਾਰ ਕਿਸੇ ਵੀ ਰੈਸਟੋਰੈਂਟ ਜਾਂ ਹੁੱਕਾ ਬਾਰ ਵਿਖੇ ਗਾਹਕਾਂ ਨੂੰ ਹੁੱਕਾ ਨਹੀਂ ਪਰੋਸਿਆ ਜਾ ਸਕੇਗਾ | ਜ਼ਿਲੇ੍ਹ ਦੇ ਸਮੂਹ ਪਿੰਡਾਂ ਤੇ ਨਗਰ ਕੌਂਸਲਾਂ ਦੀ ਹੱਦ ਵਿਚ ਇਹ ਹੁਕਮ ਲਾਗੂ ਰਹਿਣਗੇ | ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲੇ ਵਿਅਕਤੀ ਵਿਰੁੱਧ ਭਾਰਤੀ ਢੰਡ ਵਿਧਾਨ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਪਾਬੰਦੀਆਂ ਅਨੁਸਾਰ ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਸੀਮਾਵਾਂ ਅੰਦਰ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ ਅਤੇ ਵਾਹਨਾਂ ਦੀ ਖ਼ਰੀਦ, ਵੇਚਣ ਅਤੇ ਵਰਤੋਂ ਕਰਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ | ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਬਰਾ/ਕੰਡਿਆਲੀ ਤਾਰ ਨੂੰ ਵੇਚਣ, ਖ਼ਰੀਦਣ ਅਤੇ ਵਰਤੋਂ ਕਰਨ ਤੇ ਪਾਬੰਦੀ ਲਗਾਈ ਹੈ | ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਹਦੂਦ ਅੰਦਰ ਪਤੰਗਾਂ ਆਦਿ ਦੀ ਵਰਤੋਂ ਲਈ ਚਾਈਨਾ ਡੋਰ ਵੇਚਣ, ਸਟੋਰ ਕਰਨ ਤੇ ਵਰਤੋਂ ਕਰਨ ਤੇ ਪਾਬੰਦੀ ਲਗਾਈ ਹੈ | ਇਕ ਹੋਰ ਹੁਕਮ 'ਚ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਅੰਦਰ 50 ਮਾਈਕਰੋਨ ਤੋਂ ਘੱਟ ਮੋਟਾਈ 8*13 ਆਕਾਰ ਤੋਂ ਘੱਟ ਅਤੇ ਨਿਰਧਾਰਿਤ ਰੰਗ ਤੋਂ ਬਗੈਰ ਦੇ ਅਲੱਗ ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਬਣਾਉਣ/ਵਰਤੋਂ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ | ਇਸ ਤੋਂ ਇਲਾਵਾ ਇਹ ਲਿਫ਼ਾਫ਼ੇ/ਸੀਵਰੇਜ ਜਾਂ ਪਬਲਿਕ ਸਥਾਨਾਂ 'ਤੇ ਸੁੱਟਣ ਦੀ ਵੀ ਪਾਬੰਦੀ ਲਗਾਈ ਜਾਂਦੀ ਹੈ | ਜ਼ਿਲ੍ਹੇ ਅੰਦਰ ਕੌਮਾਂਤਰੀ ਸਰਹੱਦ ਨੇੜੇ ਉੱਚੀਆਂ ਵਧਣ ਵਾਲੀਆਂ ਫ਼ਸਲਾਂ ਬੀਜਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ | ਉਲੰਘਣਾ ਕਰਨ ਵਾਲਿਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਜ਼ਿਲ੍ਹਾ ਮੈਜਿਸਟਰੇਟ ਨੇ ਕੌਮਾਂਤਰੀ ਸਰਹੱਦ ਅਤੇ ਸਰਹੱਦੀ ਸੁਰੱਖਿਆ ਤਾਰ ਦਰਮਿਆਨ ਤੇ ਤਾਰ ਤੋਂ ਭਾਰਤ ਵਾਲੇ ਪਾਸੇ 70 ਤੋਂ 100 ਮੀਟਰ ਥਾਂ 'ਤੇ ਉੱਚੀਆਂ ਫ਼ਸਲਾਂ ਜਿਵੇਂ ਬੀ. ਟੀ. ਨਰਮਾ, ਮੱਕੀ, ਗਵਾਰਾ, ਜਵਾਰ, ਗੰਨਾ, ਸਰੋਂ੍ਹ, ਤੋਰੀਆ, ਸੂਰਜਮੁਖੀ ਤੇ ਅਜਿਹੀਆਂ ਹੋਰ ਉੱਚੀਆਂ ਵਧਣ ਵਾਲੀਆਂ ਫ਼ਸਲਾਂ ਬੀਜਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ |