ਫ਼ਾਜ਼ਿਲਕਾ, 28 ਜਨਵਰੀ (ਦਵਿੰਦਰ ਪਾਲ ਸਿੰਘ)-ਐੱਸ.ਡੀ.ਐਮ-ਕਮ-ਆਰ.ਟੀ.ਓ ਫ਼ਾਜ਼ਿਲਕਾ ਮੈਡਮ ਵੀਰਪਾਲ ਕੌਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਨਾਏ ਜਾ ਰਹੇ ਕੌਮੀ ਸੜਕ ਸੁਰੱਖਿਆ ਮਹੀਨਾ ਤਹਿਤ ਮੀਟਿੰਗ ਕੀਤੀ | ਉਨ੍ਹਾਂ ਕਿਹਾ ਕਿ ਸੜਕੀ ਦੁਰਘਟਨਾਵਾਂ 'ਤੇ ਠੱਲ੍ਹ ਪਾਉਣ ਲਈ ਵੱਖ-ਵੱਖ ਵਿਭਾਗਾਂ ਵਲੋਂ ਤੇਜ਼ੀ ਲਿਆਉਂਦਿਆਂ ਹੋਰ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾਣ | ਐੱਸ. ਡੀ. ਐਮ./ ਆਰ. ਟੀ. ਓ. ਮੈਡਮ ਵੀਰਪਾਲ ਕੌਰ ਨੇ ਕਿਹਾ ਕਿ ਕੌਮੀ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ-ਵੱਖ ਵਿਭਾਗ ਆਪੋ-ਆਪਣੇ ਵਿਭਾਗ ਨਾਲ ਸਬੰਧਿਤ ਗਤੀਵਿਧੀਆਂ ਕਰਦੇ ਹੋਏ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਤਾਂ ਜੋ ਸੜਕੀ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ | ਉਨ੍ਹਾਂ ਟਰੈਫ਼ਿਕ ਵਿਭਾਗ ਦੇ ਇੰਚਾਰਜਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਵੀ ਯਤਨਸ਼ੀਲ ਰਹਿਣ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕਰਨ | ਇਸ ਤੋਂ ਇਲਾਵਾ ਸਕੂਲਾਂ ਵਿਚ ਸੈਮੀਨਾਰ/ਜਾਗਰੂਕਤਾ ਕੈਂਪ ਲਗਾ ਕੇ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਜਿਵੇਂ ਕਿ ਵਾਹਨ ਦੀ ਸਪੀਡ ਘੱਟ ਰੱਖਣ, ਵਹੀਕਲ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ, ਰੈੱਡ ਲਾਈਟ ਸਮੇਂ ਰੁਕਣਾ, 18 ਸਾਲ ਦੀ ਉਮਰ ਤੋਂ ਬਾਅਦ ਹੀ ਵਹੀਕਲ ਦੀ ਵਰਤੋਂ ਤੇ ਲਾਇਸੰਸ ਬਣਾਉਣ ਆਦਿ ਬਾਰੇ ਪ੍ਰੇਰਿਤ ਕੀਤਾ ਜਾਵੇ | ਇਸ ਤੋਂ ਇਲਾਵਾ ਸਕੂਲ ਦੇ ਡਰਾਈਵਰਾਂ ਨੂੰ ਰੋਡ ਸੇਫ਼ਟੀ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇ | ਉਨ੍ਹਾਂ ਅੱਗੇ ਕਿਹਾ ਕਿ ਬਲੈਕ ਸਪੋਟਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਥਾਵਾਂ ਤੇ ਸਾਈਨ ਬੋਰਡ/ਲਾਈਟਾਂ ਆਦਿ ਲਗਾਏ ਜਾਣਗੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇੇ | ਇਸ ਮੌਕੇ ਏ.ਟੀ.ਓ ਸੁਖਚਰਨ ਸਿੰਘ, ਡਾ. ਪੰਕਜ ਚੌਹਾਨ, ਟਰਾਂਸਪੋਰਟ ਵਿਭਾਗ ਤੋਂ ਪ੍ਰਾਣ, ਰੈੱਡ ਕਰਾਸ ਸੋਸਾਇਟੀ ਤੋਂ ਸੰਜੀਵ ਸੇਠੀ, ਸੁਭਾਸ਼, ਪੁਲਿਸ ਵਿਭਾਗ, ਟਰੈਫ਼ਿਕ ਵਿਭਾਗ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ |