ਅਬੋਹਰ, 28 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)- ਹਰਨਿਗਮ ਈਵੈਂਟ ਅਤੇ ਫਿਲਮਜ਼ ਵਲੋਂ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਮਿਸਟਰ ਅਤੇ ਮਿਸ ਇੰਡੀਆ ਪੰਜਾਬਣ 2026 ਦੇ ਮੁਕਾਬਲੇ ਕਰਵਾਏ ਗਏ | ਜਿਸ ਵਿਚ ਅਬੋਹਰ ਦੀ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਵਿਦਿਆਰਥਣ ਅਤੇ ਨਿਊ ਗੋਬਿੰਦ ਨਗਰ ਵਾਸੀ ਸਿਮਰਨਜੀਤ ਕੌਰ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫ਼ਸਟ ਰਨਰਅਪ ਬਣੀ ਜਦ ਕਿ ਇਸ ਦੇ ਨਾਲ ਹੀ ਉਸ ਨੂੰ ਰੰਗਲੀ ਪੰਜਾਬਣ ਦੇ ਖ਼ਿਤਾਬ ਨਾਲ ਵੀ ਨਿਵਾਜਿਆ ਗਿਆ | ਇਸ ਸੰਬੰਧੀ ਪੈੱ੍ਰਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਨੀਲਮ ਸ਼ਰਮਾ ਅਤੇ ਦਿਵਿਆ ਸ਼ਰਮਾ ਨੇ ਦੱਸਿਆ ਕਿ ਨੌਜਵਾਨਾਂ ਦੇ ਹੁਨਰ ਅਤੇ ਪ੍ਰਤਿਭਾ ਨੂੰ ਨਿਖਾਰਨ ਲਈ ਹਰ ਸਾਲ ਮਿਸਟਰ ਅਤੇ ਮਿਸ ਇੰਡੀਆ ਪੰਜਾਬਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ | ਜਿਸ ਤਹਿਤ ਬਠਿੰਡਾ ਦੀ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਕਰਵਾਏ ਮੁਕਾਬਲਿਆਂ ਦੌਰਾਨ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਦੌਰਾਨ ਅਬੋਹਰ ਦੀਆਂ ਨੌਜਵਾਨ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਜਿਸ ਵਿਚੋਂ ਸਿਮਰਨਜੀਤ ਕੌਰ ਪਹਿਲੀ ਰਨਰ ਅੱਪ ਰਹੀ | ਇਸ ਤੋਂ ਇਲਾਵਾ ਪਿੰਡ ਧਰਾਂਗਵਾਲਾ ਦੀ ਵਾਸੀ ਜਸਪ੍ਰੀਤ ਕੌਰ ਨੂੰ ਹੌਸਲੇ ਦੀ ਮੂਰਤ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਇਸ ਦੇ ਨਾਲ ਹੀ ਅਬੋਹਰ ਦੀ ਗੁਰੂ ਕਿਰਪਾ ਨਗਰ ਵਾਸੀ ਅਮਨਦੀਪ ਕੌਰ ਸੰਧੂ ਨੂੰ ਨੂਰ ਭਰੀ ਪੰਜਾਬਣ ਦੇ ਖ਼ਿਤਾਬ ਅਤੇ ਸੀਡ ਫਾਰਮ ਪੱਕਾ ਵਾਸੀ ਪਿ੍ਅੰਕਾ ਸਹੋਤਾ ਨੂੰ ਪ੍ਰਤਿਭਾਸ਼ਾਲੀ ਮੁਟਿਆਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਇਸ ਸ਼ਾਨਦਾਰ ਉਪਲਬਧੀ ਹਾਸਲ ਕਰਨ 'ਤੇ ਉਕਤ ਮੁਟਿਆਰਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਸਨ | ਮੁਕਾਬਲਿਆਂ ਵਿਚ ਪਹਿਲੀ ਰਨਰ ਅੱਪ ਰਹੀ ਸਿਮਰਨਜੀਤ ਕੌਰ, ਜਸਪ੍ਰੀਤ ਕੌਰ, ਅਮਨਦੀਪ ਕੌਰ ਸੰਧੂ, ਪਿ੍ਅੰਕਾ ਸਹੋਤਾ ਆਦਿ ਮੁਟਿਆਰਾਂ ਨੇ ਕਿਹਾ ਕਿ ਉਹ ਅਦਾਕਾਰੀ ਅਤੇ ਸੰਗੀਤ ਦੇ ਖੇਤਰ ਵਿਚ ਨਾਮਣਾ ਖੱਟਦੇ ਹੋਏ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਮ ਰੌਸ਼ਨ ਕਰਨਾ ਚਾਹੁੰਦੀਆਂ ਹਨ ਅਤੇ ਨਾਲ ਹੀ ਉਨ੍ਹਾਂ ਆਪਣੇ ਮਾਤਾ-ਪਿਤਾ ਅਤੇ ਨੀਲਮ ਸ਼ਰਮਾ, ਦਿਵਿਆ ਸ਼ਰਮਾ ਦਾ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |