ਫ਼ਾਜ਼ਿਲਕਾ, 1 ਫਰਵਰੀ (ਦਵਿੰਦਰ ਪਾਲ ਸਿੰਘ)-ਸ੍ਰੀ ਸਨਾਤਨ ਧਰਮ ਗੀਤਾ ਭਵਨ ਮੰਦਰ ਫ਼ਾਜ਼ਿਲਕਾ ਵਿਖੇ ਐਤਵਾਰ ਨੂੰ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ | ਇਸ ਮੌਕੇ 131 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਮੁਹੱਈਆ ਕਰਵਾਈ ਗਈ | ਸਮਾਗਮ 'ਚ ਸਵ. ਹੰਸਰਾਜ ਧੂੜੀਆ ਦੇ ਪਰਿਵਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੀ ਯਾਦ 'ਚ ਰਾਸ਼ਨ ਸੇਵਾ 'ਚ ਵਿਸ਼ੇਸ਼ ਯੋਗਦਾਨ ਪਾਇਆ | ਮੰਦਰ ਕਮੇਟੀ ਦੇ ਉਪ-ਪ੍ਰਧਾਨ ਤੇ ਕੈਸ਼ੀਅਰ ਅਸ਼ਵਨੀ ਕੁਮਾਰ ਕੁੱਕੜ ਨੇ ਧੂੜੀਆ ਪਰਿਵਾਰ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਗਵਾਨ ਦਾ ਸਰੂਪ ਭੇਟ ਕਰਕੇ ਸਨਮਾਨਿਤ ਕੀਤਾ | ਸਮਾਗਮ ਦੌਰਾਨ ਮੰਦਰ ਦੇ ਜਨਰਲ ਸਕੱਤਰ ਕਿ੍ਸ਼ਨ ਕੁਮਾਰ ਗੁੰਬਰ ਦੇ ਅਚਾਨਕ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ 2 ਮਿੰਟ ਦਾ ਮੌਨ ਰੱਖਿਆ | ਉਪਰੰਤ ਖ਼ਾਲੀ ਹੋਏ ਜਨਰਲ ਸਕੱਤਰ ਦੇ ਅਹੁਦੇ ਲਈ ਕੀਤੀ ਮੀਟਿੰਗ 'ਚ ਸਰਬਸੰਮਤੀ ਨਾਲ ਅਸ਼ਵਨੀ ਕੁਮਾਰ ਗਰੋਵਰ ਨੂੰ ਨਵਾਂ ਜਨਰਲ ਸਕੱਤਰ ਨਿਯੁਕਤ ਕੀਤਾ | ਨਵ-ਨਿਯੁਕਤ ਜਨਰਲ ਸਕੱਤਰ ਨੇ ਕਮੇਟੀ ਦਾ ਧੰਨਵਾਦ ਕਰਦਿਆਂ ਹਰ ਸੇਵਾ ਕਾਰਜ ਲਈ ਤਤਪਰ ਰਹਿਣ ਦਾ ਵਿਸ਼ਵਾਸ ਦਿਵਾਇਆ | ਇਹ ਪ੍ਰੋਗਰਾਮ ਪ੍ਰਧਾਨ ਸੁਰਿੰਦਰ ਕੁਮਾਰ ਅਹੂਜਾ ਦੀ ਪ੍ਰਧਾਨਗੀ ਹੇਠ ਸਮਾਪਤ ਹੋਇਆ | ਇਸ ਮੌਕੇ ਅਸ਼ੋਕ ਸੁਖੀਜਾ, ਰਮਨ ਪਾਹਵਾ, ਪ੍ਰਵੇਸ਼ ਵਡੇਰਾ, ਡਾ. ਧਰਮਪਾਲ, ਅਸ਼ੋਕ ਨਾਗਪਾਲ, ਹਰੀਸ਼ ਮੁੰਜਾਲ, ਹਰੀਓਮ ਕੁੱਕੜ, ਭਾਰਤ ਭੂਸ਼ਨ ਮਹਿੰਦੀਰੱਤਾ ਤੇ ਵਿਜੇ ਵਡੇਰਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ |