ਮੰਡੀ ਅਰਨੀਵਾਲਾ, 2 ਫਰਵਰੀ (ਨਿਸ਼ਾਨ ਸਿੰਘ ਮੋਹਲ਼ਾ)-ਮਲੋਟ ਫ਼ਾਜ਼ਿਲਕਾ ਰੋਡ 'ਤੇ ਇਕ ਸੜਕ ਹਾਦਸੇ 'ਚ ਇਕ ਪੁਲਿਸ ਇੰਸਪੈਕਟਰ, 2 ਪੁਲਿਸ ਮੁਲਾਜ਼ਮ ਤੇ ਤਿੰਨ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ 'ਚੋਂ ਪੁਲਿਸ ਇੰਸਪੈਕਟਰ ਤੇ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋਣ ਕਰਕੇ ਉਨ੍ਹਾਂ ਨੂੰ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ ਗਿਆ ਹੈ | ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲੇ੍ਹ ਦੇ ਨਾਲ ਸੰਬੰਧਿਤ ਸੀ. ਆਈ. ਏ. ਸਟਾਫ਼ ਦੇ ਤਿੰਨ ਮੁਲਾਜ਼ਮ, ਜਿਨ੍ਹਾਂ 'ਚ ਇਕ ਇੰਸਪੈਕਟਰ ਰੈਂਕ ਦਾ ਅਧਿਕਾਰੀ ਸ਼ਾਮਿਲ ਸੀ ਅਤੇ ਤਿੰਨ ਹੋਰ ਵਿਅਕਤੀ ਸਕਾਰਪੀਓ ਗੱਡੀ 'ਤੇ ਸਵਾਰ ਹੋ ਕੇ ਮਲੋਟ ਤੋਂ ਫ਼ਾਜ਼ਿਲਕਾ ਵੱਲ ਆ ਰਹੇ ਸਨ | ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਉਨ੍ਹਾਂ ਦੀ ਗੱਡੀ ਪੁਲਿਸ ਥਾਣਾ ਅਰਨੀਵਾਲਾ ਤੋਂ ਅੱਗੇ ਨਿੱਜੀ ਸਕੂਲ ਨਜ਼ਦੀਕ ਸੜਕ ਦੇ ਨਾਲ ਇਕ ਕਿੱਕਰ ਦੇ ਰੁੱਖ ਨਾਲ ਜਾ ਟਕਰਾਈ, ਜਿਨ੍ਹਾਂ 'ਚ ਅੰਗਰੇਜ਼ ਸਿੰਘ ਵਾਸੀ ਸਿਰਸਾ ਹਰਿਆਣਾ ਤੇ ਸੀ. ਆਈ. ਏ. ਸਟਾਫ਼ ਮੁਹਾਲੀ ਦੇ ਇੰਸਪੈਕਟਰ ਹਰਮਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐੱਸ. ਐੱਸ. ਐਫ. ਟੀਮ ਇੰਚਾਰਜ ਦੇਵੀ ਦਿਆਲ ਵਲੋਂ ਆਪਣੀ ਟੀਮ ਸਮੇਤ ਤੁਰੰਤ ਮੌਕੇ 'ਤੇ ਪੁੱਜ ਕੇ ਪੁਲਿਸ ਥਾਣਾ ਅਰਨੀਵਾਲਾ ਦੀ ਮਦਦ ਦੇ ਨਾਲ ਏਮਜ਼ ਹਸਪਤਾਲ ਬਠਿੰਡਾ ਵਿਖੇ ਦਾਖਲ ਕਰਵਾਇਆ | ਬਾਕੀ ਚਾਰ ਵਿਅਕਤੀਆਂ ਨੂੰ ਅਰਨੀਵਾਲਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ |