ਜਲਾਲਾਬਾਦ, 2 ਫਰਵਰੀ (ਕਰਨ ਚੁਚਰਾ)-ਮਾਤਾ ਗੁਜਰੀ ਪਬਲਿਕ ਸਕੂਲ ਦੀ ਫੁੱਟਬਾਲ ਟੀਮ ਨੇ ਖੇਡਾਂ ਦੇ ਖੇਤਰ 'ਚ ਆਪਣੀ ਸਰਦਾਰੀ ਕਾਇਮ ਰੱਖਦਿਆਂ ਇਕ ਵਾਰ ਫਿਰ ਵੱਡੀ ਸਫਲਤਾ ਹਾਸਿਲ ਕੀਤੀ ਹੈ | ਦਿੱਲੀ ਪਬਲਿਕ ਸਕੂਲ ਅਬੋਹਰ ਵਿਖੇ ਕਰਵਾਏ ਫੁੱਟਬਾਲ ਟੂਰਨਾਮੈਂਟ 'ਚ ਮਾਤਾ ਗੁਜਰੀ ਸਕੂਲ ਦੀ ਟੀਮ ਨੇ 12 ਸਕੂਲਾਂ ਦੀਆਂ ਟੀਮਾਂ ਨੂੰ ਪਛਾੜਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ | ਟੂਰਨਾਮੈਂਟ ਦੌਰਾਨ ਟੀਮ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ | ਟੀਮ ਨੇ ਆਪਣਾ ਪਹਿਲਾ ਮੈਚ 3-0 ਦੇ ਫ਼ਰਕ ਨਾਲ ਜਿੱਤਿਆ, ਜਦਕਿ ਸੈਮੀਫਾਈਨਲ 'ਚ 1-0 ਦੀ ਜਿੱਤ ਦਰਜ ਕਰਕੇ ਫਾਈਨਲ ਵਿਚ ਜਗ੍ਹਾਂ ਬਣਾਈ | ਫਾਈਨਲ ਦੇ ਰੋਮਾਂਚਕ ਮੁਕਾਬਲੇ 'ਚ ਮਾਤਾ ਗੁਜਰੀ ਪਬਲਿਕ ਸਕੂਲ ਨੇ ਦਿੱਲੀ ਪਬਲਿਕ ਸਕੂਲ ਨੂੰ 1-0 ਨਾਲ ਹਰਾ ਕੇ ਜਿੱਤ ਦਾ ਝੰਡਾ ਲਹਿਰਾਇਆ | ਖੇਡ ਦੇ ਆਧਾਰ 'ਤੇ ਗੁਰਵੀਰ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਜਦਕਿ ਮਨਰਾਜ ਸਿੰਘ ਨੇ ਆਪਣੀ ਸ਼ਾਨਦਾਰ ਗੋਲ ਕੀਪਿੰਗ ਸਦਕਾ 'ਬੈੱਸਟ ਗੋਲ-ਕੀਪਰ' ਦਾ ਖ਼ਿਤਾਬ ਆਪਣੇ ਨਾਂਅ ਕੀਤਾ | ਸਕੂਲ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਿ੍ੰਸੀਪਲ ਮੈਡਮ ਪਰਵਿੰਦਰਜੀਤ ਕੌਰ ਨੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਕੋਚ ਨੂੰ ਮੁਬਾਰਕਬਾਦ ਦਿੱਤੀ | ਉਨ੍ਹਾਂ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਖ-ਵੱਖ ਖੇਡਾਂ ਦੇ ਤਜਰਬੇਕਾਰ ਕੋਚ ਲਗਾਏ ਗਏ ਹਨ ਤਾਂ ਜੋ ਬੱਚੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਸਕਣ | ਉਨ੍ਹਾਂ ਖਿਡਾਰੀਆਂ ਨੂੰ ਭਵਿੱਖ 'ਚ ਵੀ ਇਸੇ ਤਰ੍ਹਾਂ ਮਿਹਨਤ ਕਰਨ ਦਾ ਆਸ਼ੀਰਵਾਦ ਦਿੱਤਾ |