ਫ਼ਾਜ਼ਿਲਕਾ, 2 ਫਰਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਬਾਰਡਰ ਰੋਡ ਸਥਿਤ ਮੈੜ੍ਹ ਰਾਜਪੂਤ ਧਰਮਸ਼ਾਲਾ ਵਿਖੇ ਸਵ. ਮਾਸਟਰ ਚਾਨਨ ਲਾਲ ਤਨੇਜਾ ਦੀ 15ਵੀਂ ਬਰਸੀ ਦੇ ਸੰਬੰਧ 'ਚ ਸ੍ਰੀ ਮੈੜ੍ਹ ਰਾਜਪੂਤ ਸਭਾ ਤੇ ਬਲੱਡ ਡੋਨੇਸ਼ਨ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ | ਜਾਣਕਾਰੀ ਦਿੰਦਿਆਂ ਸ੍ਰੀ ਮੈੜ੍ਹ ਰਾਜਪੂਤ ਸਭਾ ਦੇ ਪ੍ਰਧਾਨ ਰਾਜਿੰਦਰ ਵਰਮਾ (ਛਿੰਦਾ) ਤੇ ਕਿ੍ਸ਼ਨ ਤਨੇਜਾ ਨੇ ਦੱਸਿਆ ਕਿ ਇਹ ਕੈਂਪ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ, ਜਿਸ ਵਿਚ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਮੁੱਖ ਮਹਿਮਾਨ ਵਜੋਂ ਪਹੁੰਚ ਕੇ ਖ਼ੁਦ ਖ਼ੂਨਦਾਨ ਕਰਦਿਆਂ ਸਮਾਜ ਨੂੰ ਪ੍ਰੇਰਿਤ ਕੀਤਾ | ਕੈਂਪ ਦੌਰਾਨ ਸੁਸਾਇਟੀ ਦੇ ਸਰਪ੍ਰਸਤ ਅਜੈ ਧਵਨ, ਸਮਾਜ ਸੇਵੀ ਅਰੁਣ ਵਧਵਾ, ਲੀਲਾਧਰ ਸ਼ਰਮਾ, ਸੰਜੀਵ ਮਾਰਸ਼ਲ, ਰਾਜਵੰਤੀ ਅਤੇ ਨਰੇਸ਼ ਮਿੱਤਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਰਾਜਿੰਦਰ ਵਰਮਾ ਨੇ ਦੱਸਿਆ ਕਿ ਇਸ ਕੈਂਪ 'ਚ ਲਗਪਗ 45 ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ | ਇਸ ਤੋਂ ਇਲਾਵਾ ਸਾਹਿਲ ਵਰਮਾ ਵਲੋਂ ਨਿਊਟਰੀ ਚਾਰਜ ਬਾਡੀ ਸਕੈਨਰ ਰਾਹੀਂ 20-25 ਮਰੀਜ਼ਾਂ ਦੀ ਜਾਂਚ ਵੀ ਕੀਤੀ ਗਈ | ਬਲੱਡ ਡੋਨੇਸ਼ਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਕਿ੍ਸ਼ਨ ਤਨੇਜਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ. ਮਾਸਟਰ ਚਾਨਨ ਲਾਲ ਤਨੇਜਾ ਦੀ ਯਾਦ ਵਿਚ ਲਗਾਏ ਗਏ ਇਸ ਕੈਂਪ ਦਾ ਮੁੱਖ ਮਕਸਦ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਹੈ | ਉਨ੍ਹਾਂ ਦਾ ਮਿਸ਼ਨ 'ਲਾਲੀ, ਹਰਿਆਲੀ ਤੇ ਖ਼ੁਸ਼ਹਾਲੀ' ਹੈ, ਜਿਸ ਤਹਿਤ ਖ਼ੂਨਦਾਨ ਦੇ ਨਾਲ-ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ | ਸਮਾਜ ਸੇਵੀ ਅਰੁਣ ਵਧਵਾ ਨੇ ਵੀ ਖ਼ੂਨਦਾਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਕੈਂਪ ਦੇ ਅਖੀਰ ਵਿਚ ਸ੍ਰੀ ਮੈੜ੍ਹ ਰਾਜਪੂਤ ਸਭਾ ਤੇ ਬਲੱਡ ਡੋਨੇਸ਼ਨ ਵੈੱਲਫੇਅਰ ਸੁਸਾਇਟੀ ਵਲੋਂ ਖ਼ੂਨਦਾਨੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਸਿਹਤ ਵਿਭਾਗ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਰਾਜ ਕੁਮਾਰ ਵਰਮਾ, ਨਰੇਸ਼ ਵਰਮਾ, ਵਿਕਰਮ ਢਲ, ਸਤੀਸ਼ ਵਰਮਾ, ਸੁਭਾਸ਼ ਚੰਦਰ, ਰਾਕੇਸ਼ ਵਰਮਾ, ਜੋਗਿੰਦਰ ਵਰਮਾ, ਮਾਣਿਕ ਵਰਮਾ ਤੇ ਹੋਰ ਕਈ ਮੈਂਬਰ ਮੌਜੂਦ ਸਨ |