ਫ਼ਾਜ਼ਿਲਕਾ, 4 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨਜ਼ਦੀਕੀ ਹਾਈਵੇਅ 'ਤੇ ਦੇਰ ਸ਼ਾਮ ਸਬਜ਼ੀ ਵੇਚ ਕੇ ਪਰਤ ਰਹੇ ਦੋ ਵਿਅਕਤੀਆਂ ਨਾਲ ਬੇਖ਼ੌਫ ਲੁਟੇਰਿਆਂ ਵਲੋਂ ਕੁੱਟਮਾਰ ਕਰਨ ਅਤੇ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਜ਼ਖਮੀ ਹਾਲਤ ਵਿਚ ਦੋਵਾਂ ਵਿਅਕਤੀਆਂ ਨੂੰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਹਸਪਤਾਲ ਵਿਚ ਜੇਰੇ ਇਲਾਜ ਬਲਦੇਵ ਸਿੰਘ ਅਤੇ ਜਗਜੀਵਨ ਸਿੰਘ ਨੇ ਦੱਸਿਆ ਕਿ ਉਹ ਟੈਂਪੂ 'ਤੇ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ | ਬੀਤੀ ਸ਼ਾਮ ਜਦੋਂ ਉਹ ਲਾਧੂਕਾ ਤੋਂ ਸਬਜ਼ੀ ਵੇਚ ਕੇ ਵਾਪਸ ਫ਼ਾਜ਼ਿਲਕਾ ਆ ਰਹੇ ਸੀ ਤਾਂ ਲਾਲੋ ਵਾਲੀ ਮੋੜ ਦੇ ਕੋਲ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ | ਹਮਲਾਵਰਾਂ ਨੇ ਉਨ੍ਹਾਂ ਦੇ ਟੈਂਪੂ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਟੈਂਪੂ ਬੰਦ ਹੋ ਗਿਆ | ਪੀੜਤਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਟੈਂਪੂ ਤੋਂ ਹੇਠਾਂ ਖਿੱਚ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਇਸ ਦੌਰਾਨ ਲੁਟੇਰੇ ਉਨ੍ਹਾਂ ਕੋਲੋਂ ਕਰੀਬ 5 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ | ਕਿਸੇ ਤਰ੍ਹਾਂ ਜਾਨ ਬਚਾ ਕੇ ਉਨ੍ਹਾਂ ਨੇ ਆਪਣੇ ਮਾਲਕ ਰਾਜ ਕੁਮਾਰ ਨੂੰ ਫ਼ੋਨ ਕੀਤਾ, ਜਿਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ | ਟੈਂਪੂ ਮਾਲਕ ਰਾਜ ਕੁਮਾਰ ਨੇ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਸ਼ਰੇਆਮ ਹੋ ਰਹੀਆਂ ਲੁੱਟਾਂ-ਖੋਹਾਂ ਕਾਰਨ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ | ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਡਾਕਟਰੀ ਰਿਪੋਰਟ ਮਿਲਣ ਤੋਂ ਬਾਅਦ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ |