ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਆਯੁਸ਼ਮਾਨ ਆਰੋਗਿਆ ਕੇਂਦਰ ਮੌਜਗੜ੍ਹ ਲਈ ਮੈਡੀਕਲ ਅਫ਼ਸਰਾਂ ਨੂੰ ਦਿੱਤਾ ਨਿਯੁਕਤੀ ਪੱਤਰ
ਅਜੀਤ ਡੈਸਕ
06-02-2026
ਫ਼ਾਜ਼ਿਲਕਾ, 5 ਫਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ | ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸੁਵਿਧਾਵਾਂ ਦੇਣ ਦੇ ਮੰਤਵ ਨਾਲ ਰਾਜ ਵਿਚ ਆਯੁਸ਼ਮਾਨ ਆਰੋਗਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਸ ਵਿਚ ਵੱਖ ਵੱਖ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਨ੍ਹਾਂ ਕਲੀਨਿਕਾਂ 'ਚ ਇਕ ਡਾਕਟਰ, ਫਾਰਮੇਸੀ ਅਫ਼ਸਰ, ਕਲੀਨੀਕਲ ਅਸਿਸਟੈਂਟ ਅਤੇ ਹੋਰ ਸਹਾਇਕ ਸਟਾਫ਼ ਕੰਮ ਕਰ ਰਿਹਾ ਹੈ | ਡਾ.ਕਵਿਤਾ ਸਿੰਘ ਸਿਵਲ ਸਰਜਨ ਫ਼ਾਜ਼ਿਲਕਾ ਵਲੋਂ ਆਯੂਸ਼ਮਾਨ ਆਰੋਗਿਆ ਕੇਂਦਰ ਮੌਜਗੜ੍ਹ ਲਈ ਮੈਡੀਕਲ ਅਫ਼ਸਰ ਨੂੰ ਨਿਯੁਕਤੀ ਪੱਤਰ ਦਿੱਤੇ | ਇਸ ਸਮੇਂ ਡਾ ਰਿੰਕੂ ਚਾਵਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਰਾਜੇਸ਼ ਕੁਮਾਰ ਡੀ.ਪੀ.ਐਮ, ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਨਾ, ਦਿਵੇਸ਼ ਕੁਮਾਰ, ਆਕਾਸ਼ ਕੁਮਾਰ ਹਾਜ਼ਰ ਸਨ | ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ 'ਚ ਆਯੂਸ਼ਮਾਨ ਆਰੋਗਿਆ ਕੇਂਦਰ ਲੋਕਾਂ ਲਈ ਵਰਦਾਨ ਸਿੱਧ ਹੋ ਰਹੇ ਹਨ ਅਤੇ ਲੋਕ ਇਨ੍ਹਾਂ ਕਲੀਨਿਕਾਂ 'ਚ ਵਿਸ਼ਵਾਸ ਰੱਖ ਕੇ ਇਲਾਜ ਕਰਵਾ ਰਹੇ ਹਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਚ 26 ਆਯੂਸ਼ਮਾਨ ਆਰੋਗਿਆ ਕੇਂਦਰ ਸਫਲਤਾ ਪੂਰਵਕ ਚੱਲ ਰਹੇ ਹਨ | ਆਯੂਸ਼ਮਾਨ ਆਰੋਗਿਆ ਕੇਂਦਰ 'ਚ ਮੌਕੇ ਤੇ ਹੀ ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜੀਂਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ | ਆਯੂਸ਼ਮਾਨ ਆਰੋਗਿਆ ਕੇਂਦਰ ਵਿਚ 46 ਤਰ੍ਹਾਂ ਦੇ ਲੈਬ ਟੈੱਸਟ ਅਤੇ ਲਗਭਗ 100 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ | ਇਨ੍ਹਾਂ ਕੇਂਦਰਾਂ ਵਿਚ ਗਰਭਵਤੀ ਦਾ ਇਲਾਜ ਅਤੇ ਮੁਫ਼ਤ ਅਲਟਰਾ ਸਾਊਾਡ ਲਈ ਰੈਫ਼ਰ, ਰੇਬੀਜ਼ ਦੀ ਵੈਕਸੀਨ, ਟੀਕਾਕਰਨ ਕੀਤਾ ਜਾਂਦਾ ਹੈ | ਮਰੀਜ਼ਾਂ ਦਾ ਆਨਲਾਈਨ ਰਿਕਾਰਡ ਰੱਖਿਆ ਜਾ ਰਿਹਾ ਹੈ | ਆਯੂਸ਼ਮਾਨ ਆਰੋਗਿਆ ਕੇਂਦਰ ਮੌਜਗੜ੍ਹ ਲਈ ਪ੍ਰਵੀਨ ਰਾਣੀ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ | ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਨਵਨਿਯੁਕਤ ਮੈਡੀਕਲ ਅਫ਼ਸਰ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਮਰੀਜ਼ਾਂ ਅਤੇ ਲੋਕਾਂ ਨੂੰ ਤਨਦੇਹੀ ਨਾਲ ਸਿਹਤ ਸੇਵਾਵਾਂ ਦੇਣ ਲਈ ਹਦਾਇਤ ਵੀ ਕੀਤੀ |