ਫ਼ਾਜ਼ਿਲਕਾ, 6 ਫਰਵਰੀ (ਅਮਰਜੀਤ ਸ਼ਰਮਾ)-ਗਾਡਵਿਨ ਪਬਲਿਕ ਸਕੂਲ ਘੱਲੂ ਦੀ ਵਿਦਿਆਰਥਣ ਮਹਿਕ ਨੇ ਖੇਡਾਂ ਦੇ ਖੇਤਰ 'ਚ ਵੱਡੀ ਪ੍ਰਾਪਤੀ ਹਾਸਿਲ ਕਰਦਿਆਂ ਨੈਸ਼ਨਲ ਸਾਫਟਬਾਲ ਸਕੂਲ ਖੇਡਾਂ 'ਚ ਆਪਣੀ ਜਗ੍ਹਾ ਬਣਾਈ ਹੈ | ਮਹਿਕ ਦੀ ਇਸ ਚੋਣ ਨਾਲ ਇਲਾਕੇ, ਸਕੂਲ ਤੇ ਜ਼ਿਲ੍ਹੇ ਦਾ ਨਾਂਅ ਪੂਰੇ ਦੇਸ਼ 'ਚ ਰੌਸ਼ਨ ਹੋਇਆ ਹੈ | ਇਸ ਸ਼ਾਨਦਾਰ ਉਪਲਬਧੀ 'ਤੇ ਸਕੂਲ ਦੀ ਮੈਨੇਜਿੰਗ ਕਮੇਟੀ ਤੇ ਸਟਾਫ਼ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਕੋਚ ਮੋਹਿਤ ਤੇ ਸਾਫਟਬਾਲ ਕੋਚ ਗੁਰਲਾਲ ਨੇ ਦੱਸਿਆ ਕਿ ਮਹਿਕ ਦੀ ਚੋਣ 69ਵੀਂ ਨੈਸ਼ਨਲ ਸਕੂਲ ਸਾਫਟਬਾਲ ਖੇਡਾਂ ਲਈ ਹੋਈ ਹੈ, ਜੋ ਕਿ ਬਿਲਾਸਪੁਰ (ਛੱਤੀਸਗੜ੍ਹ) ਵਿਖੇ ਕਰਵਾਈਆਂ ਜਾ ਰਹੀਆਂ ਹਨ | ਮੈਨੇਜਿੰਗ ਕਮੇਟੀ ਮੈਂਬਰ ਲਖਵਿੰਦਰ ਕੌਰ ਬਰਾੜ ਨੇ ਇਸ ਨੂੰ ਸਕੂਲ ਲਈ ਮਾਣ ਵਾਲੀ ਗੱਲ ਦੱਸਦਿਆਂ ਕਿਹਾ ਕਿ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦਾ ਹੀ ਇਹ ਸਿੱਟਾ ਹੈ | ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਮਹਿਕ ਦੀ ਮਿਹਨਤ ਤੇ ਅਨੁਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਾਸ਼ਟਰੀ ਪੱਧਰ 'ਤੇ ਚੁਣਿਆ ਜਾਣਾ ਹਰ ਵਿਦਿਆਰਥੀ ਦਾ ਸੁਪਨਾ ਹੁੰਦਾ ਹੈ ਤੇ ਮਹਿਕ ਨੇ ਇਸ ਨੂੰ ਸੱਚ ਕਰ ਦਿਖਾਇਆ ਹੈ | ਪਿ੍ੰਸੀਪਲ ਅਭਿਲੇਖ ਸ਼ਰਮਾ ਨੇ ਕਿਹਾ ਕਿ ਸਕੂਲ ਹਮੇਸ਼ਾ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਦਾ ਰਹੇਗਾ | ਇਸ ਮੌਕੇ ਸਮੂਹ ਪ੍ਰਬੰਧਕਾਂ ਨੇ ਮਹਿਕ ਨੂੰ ਜਿੱਤ ਦਾ ਆਸ਼ੀਰਵਾਦ ਦੇ ਕੇ ਅਗਲੇਰੀਆਂ ਖੇਡਾਂ ਲਈ ਰਵਾਨਾ ਕੀਤਾ |