ਫ਼ਾਜ਼ਿਲਕਾ, 6 ਫਰਵਰੀ (ਅਮਰਜੀਤ ਸ਼ਰਮਾ)-ਰਵਨੀਤ ਬਿੱਟੂ ਨੇ ਸਿਆਸੀ ਲਾਹਾ ਲੈਣ ਲਈ ਕਾਂਗਰਸ ਪਾਰਟੀ ਤੇ ਪਰਿਵਾਰ ਨੂੰ ਧੋਖਾ ਦਿੱਤਾ | ਇਸ ਲਈ ਉਨ੍ਹਾਂ ਨਾਲ ਦੋਸਤੀ ਦੇ ਨਾਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੇਰਾ ਦੋਸਤ ਗ਼ੱਦਾਰ ਪਰ ਇਸੇ ਗੱਲ ਨੂੰ ਅਲੱਗ-ਅਲੱਗ ਤਰ੍ਹਾਂ ਤਰੋੜ ਮਰੋੜ ਕੇ ਤੋਲ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਮੰਦਭਾਗਾ ਹੈ | ਇਹ ਪ੍ਰਗਟਾਵਾ ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਨੇ ਕੀਤਾ | ਡਾ. ਰਿਣਵਾ ਨੇ ਕਿਹਾ ਕਿ ਰਵਨੀਤ ਬਿੱਟੂ ਨੇ ਆਪਣੇ ਪੁਰਾਣੇ ਸਾਥੀਆਂ ਤੇ ਕਾਂਗਰਸੀ ਵਿਚਾਰਧਾਰਾ ਛੱਡ ਕੇ ਗ਼ਲਤ ਰਾਹ ਚੁਣਿਆ ਹੈ | ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ | ਡਾ. ਰਿਣਵਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ 'ਚ ਸੱਤਾ ਪ੍ਰਾਪਤ ਕਰਨ ਲਈ ਅਲੱਗ-ਅਲੱਗ ਪਾਪੜ ਵੇਲ ਰਹੇ ਹਨ | ਡਾ. ਰਿਣਵਾ ਨੇ ਕਿਹਾ ਕਿ ਇਸ ਤੋਂ ਪਹਿਲਾ ਉਨ੍ਹਾਂ ਨੂੰ ਇਸ ਬਾਰੇ ਕਦੇ ਯਾਦ ਨਹੀਂ ਆਇਆ ਸਿਰਫ਼ ਵੋਟਾਂ ਵੇਲੇ ਹੀ ਕਿਉਂ ਯਾਦ ਆਉਂਦੀ ਹੈ | ਪੰਜਾਬ ਦੇ ਲੋਕ ਸਭ ਕੁਝ ਜਾਣਦੇ ਹਨ ਤੇ ਮੌਕਾ ਆਉਣ 'ਤੇ ਇਸ ਦਾ ਜਵਾਬ ਵੀ ਦੇਣਗੇ |