ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਪਸ਼ੂ ਪਾਲਣ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਜੰਡਵਾਲਾ ਹਨੂਵੰਤਾ 'ਚ ਪਸ਼ੂ ਪਾਲਣ ਬਾਰੇ ਜਾਗਰੂਕਤਾ ਕੈਂਪ ਲਗਾਇਆ | ਪਸ਼ੂ ਪਾਲਣ ਦੇ ਅਧਿਕਾਰੀਆਂ ਨੇ ਪਸ਼ੂਆਂ ਦੀ ਦੇਖਭਾਲ ਬਾਰੇ ਜਾਣਕਾਰੀ ਅਤੇ ਸਿਖਲਾਈ ਦਿੱਤੀ ਅਤੇ ਪਸ਼ੂਆਂ ਦੀਆਂ ਦਵਾਈਆਂ ਵੀ ਵੰਡੀਆਂ | ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਮਨਦੀਪ ਸਿੰਘ, ਡਾ. ਪ੍ਰਤੀਕ ਗੋਦਾਰਾ, ਡਾ. ਵਿਸ਼ਾਲ ਸ਼ੇਖਾਵਤ ਤੇ ਡਾ. ਹਰਜੀਤ ਸਿੰਘ ਮੌਜੂਦ ਸਨ | ਕੈਂਪ ਦੌਰਾਨ ਡਾ. ਮਨਦੀਪ ਸਿੰਘ ਨੇ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਦੇ ਕਾਰੋਬਾਰ ਨੂੰ ਅਪਣਾਉਣ ਤੇ ਇਸ ਨੂੰ ਅੱਗੇ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੀ ਨਸਲ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ, ਪਸ਼ੂ ਪਾਲਨ ਵੱਲ ਸਹੀ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪਸ਼ੂ ਪਾਲਨ ਦਾ ਕਾਰੋਬਾਰ ਕਰਦੇ ਹੋਏ ਆਮਦਨ 'ਚ ਵਾਧਾ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਪਸ਼ੂ ਮਾਲਕਾਂ ਦੇ ਪਸ਼ੂਆਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ ਤੇ ਪਸ਼ੂ ਪਾਲਨ ਵਿਭਾਗ ਸਮੇਂ-ਸਮੇਂ 'ਤੇ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਚਲਾਉਂਦਾ ਹੈ | ਇਸ ਪਸ਼ੂ ਭਲਾਈ ਕੈਂਪ ਦੌਰਾਨ ਪਸ਼ੂ ਪਾਲਕਾਂ ਨੂੰ ਪਸ਼ੂਆਂ ਵਾਸਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ | ਇਸ ਤੋਂ ਇਲਾਵਾ ਗਊ ਸੇਵਾ ਕਮਿਸ਼ਨ ਦੀ ਸਰਪ੍ਰਸਤੀ ਹੇਠ ਪਸ਼ੂ ਪਾਲਨ ਵਿਭਾਗ ਨੇ ਸਵਾਮੀ ਮੌਨ ਗਿਰੀ ਗਊਸ਼ਾਲਾ ਦੇ ਪਸ਼ੂਆਂ ਨੂੰ ਮੁਫ਼ਤ ਦਵਾਈਆਂ ਵੰਡੀਆਂ | ਅੰਤ 'ਚ ਸਵਾਮੀ ਮੌਨ ਗਿਰੀ ਗਊਸ਼ਾਲਾ ਦੇ ਅਧਿਕਾਰੀਆਂ ਨੇ ਪਸ਼ੂ ਪਾਲਣ ਵਿਭਾਗ ਅਤੇ ਹੋਰ ਸਾਰੇ ਮਾਹਿਰਾਂ ਦਾ ਧੰਨਵਾਦ ਕੀਤਾ |