ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪ੍ਰਮੁੱਖ ਸਮਾਜ ਸੇਵੀ ਤੇ ਉਦਯੋਗਪਤੀ ਕਰਨ ਗਿਲਹੋਤਰਾ ਦੇ ਪਿਤਾ ਸੰਦੀਪ ਗਿਲਹੋਤਰਾ ਦੇ ਅਚਾਨਕ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਇੰਡੀਅਨ ਨੈਸ਼ਨਲ ਲੋਕ ਦਲ ਦੇ ਕੌਮੀ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਫ਼ਾਜ਼ਿਲਕਾ ਸਥਿਤ ਨਿਵਾਸ ਸਥਾਨ 'ਤੇ ਪਹੁੰਚੇ | ਸੰਦੀਪ ਗਿਲਹੋਤਰਾ ਦੇ ਅਕਾਲ ਚਲਾਣੇ ਨਾਲ ਸਮੁੱਚੇ ਖੇਤਰ 'ਚ ਸੋਕ ਦੀ ਲਹਿਰ ਹੈ | ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸਪੁੱਤਰ ਅਭੈ ਸਿੰਘ ਚੌਟਾਲਾ ਨੇ ਕਰਨ ਗਿਲਹੋਤਰਾ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਆਪਣੀ ਸੰਵੇਦਨਾ ਪ੍ਰਗਟ ਕੀਤੀ | ਇਸ ਦੌਰਾਨ ਉਨ੍ਹਾਂ ਕਿਹਾ ਕਿ ਗਿਲਹੋਤਰਾ ਪਰਿਵਾਰ ਨਾਲ ਉਨ੍ਹਾਂ ਦਾ ਰਿਸ਼ਤਾ ਮਹਿਜ਼ ਰਸਮੀ ਨਹੀਂ, ਸਗੋਂ ਦਹਾਕਿਆਂ ਪੁਰਾਣਾ ਇਕ ਨਿੱਘਾ ਪਰਿਵਾਰਕ ਨਾਤਾ ਹੈ | ਉਨ੍ਹਾਂ ਕਿਹਾ ਕਿ ਸੰਦੀਪ ਗਿਲਹੋਤਰਾ ਇਕ ਅਜਿਹੀ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਸਾਦਗੀ ਤੇ ਪਰਉਪਕਾਰ ਲਈ ਸਮਰਪਿਤ ਕਰ ਦਿੱਤਾ | ਉਨ੍ਹਾਂ ਦਾ ਜਾਣਾ ਸਮਾਜ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਹੈ | ਅਭੈ ਚੌਟਾਲਾ ਨੇ ਸਵਰਗੀ ਸੰਦੀਪ ਗਿਲਹੋਤਰਾ ਦੀ ਤਸਵੀਰ 'ਤੇ ਫ਼ੁਲ ਮਾਲਾਵਾਂ ਭੇਟ ਕੀਤੀਆਂ ਤੇ ਪ੍ਰਮਾਤਮਾ ਅੱਗੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ | ਦੱਸਣਯੋਗ ਹੈ ਕਿ ਕਰਨ ਗਿਲਹੋਤਰਾ ਤੇ ਅਭੈ ਚੌਟਾਲਾ ਆਪਸ 'ਚ ਪਰਮ ਮਿੱਤਰ ਹਨ ਅਤੇ ਆਪਣੀ ਇਸੇ ਮਿੱਤਰਤਾ ਨੂੰ ਨਿਭਾਉਂਦੇ ਹੋਏ ਅਭੈ ਚੌਟਾਲਾ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ 'ਤੇ ਫ਼ਾਜ਼ਿਲਕਾ ਪਹੁੰਚੇ ਸਨ | ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਫ਼ਾਜ਼ਿਲਕਾ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਤੇ ਵਪਾਰਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ |