ਅਬੋਹਰ, 24 ਫਰਵਰੀ (ਵਿਵੇਕ ਹੂੜੀਆ)-ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਲੋਂ ਪਿੰਡ ਡੰਗਰ ਖੇੜਾ ਵਿਖੇ ਲਗਾਏ ਗਏ ਸੱਤ ਰੋਜ਼ਾ ਐਨ. ਐੱਸ. ਐੱਸ. ਕੈਂਪ ਦੇ ਪੰਜਵੇਂ ਦਿਨ ਨਸ਼ਾ-ਮੁਕਤ ਰੈਲੀ ਕੱਢੀ ਗਈ ਤੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ | ਦਿਨ ਦੀ ਸ਼ੁਰੂਆਤ ਮਾਤਾ ਬਸੰਤੀ ਦੇਵੀ ਮੰਦਰ 'ਚ ਨਤਮਸਤਕ ਹੋ ਕੇ ਅਤੇ ਸਰੀਰਕ ਅਭਿਆਸ ਨਾਲ ਕੀਤੀ ਗਈ | ਕਾਰਜਕਾਰੀ ਪਿ੍ੰਸੀਪਲ ਡਾ. ਵਿਜੈ ਗਰੋਵਰ ਦੀ ਅਗਵਾਈ ਹੇਠ ਕੱਢੀ ਗਈ ਨਸ਼ਾ-ਮੁਕਤ ਜਾਗਰੂਕਤਾ ਰੈਲੀ 'ਚ ਐਡਵੋਕੇਟ ਸਾਹਿਬ ਰਾਮ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਪਿੰਡ ਵਾਸੀਆਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ | ਇਸ ਤੋਂ ਬਾਅਦ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਾਜ਼ਿਲਕਾ ਦੇ ਸਹਿਯੋਗ ਨਾਲ ਮਾਂ-ਬੋਲੀ ਦਿਵਸ ਮਨਾਇਆ | ਇਸ ਮੌਕੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਵਿਸ਼ੇਸ਼ ਲੈਕਚਰ ਦਿੱਤਾ ਅਤੇ ਖੋਜ ਅਫ਼ਸਰ ਪਰਮਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਕੁਮਾਰੀ ਪੁਸ਼ਪਾ, ਰੀਪਨਦੀਪ, ਅਰਸ਼ਦੀਪ, ਸਿਦਕ ਗੁਲਾਬ ਤੇ ਸ਼ਿਵਮ ਨੇ ਕਵਿਤਾਵਾਂ ਪੇਸ਼ ਕੀਤੀਆਂ | 'ਨਟਰੰਗ' ਦੀ ਟੀਮ ਵਲੋਂ ਨਸ਼ਿਆਂ ਵਿਰੁੱਧ ਇਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ, ਜਿਸ 'ਚ ਨਸ਼ਾ-ਛੁਡਾਊ ਕੇਂਦਰਾਂ ਰਾਹੀਂ ਜੀਵਨ ਬਚਾਉਣ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਪੁਸਤਕਾਂ ਨਾਲ ਜੁੜਨ ਅਤੇ ਆਪਣੀ ਮਾਂ-ਬੋਲੀ ਤੇ ਸਭਿਆਚਾਰ 'ਤੇ ਮਾਣ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਰਾਜਪਾਲ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਅਨਿਲ ਬਿਸ਼ਨੋਈ ਨੇ ਧੰਨਵਾਦ ਪ੍ਰਗਟਾਇਆ | ਇਸ ਦੌਰਾਨ ਸਾਬਕਾ ਸਰਪੰਚ ਖ਼ਜ਼ਾਨ ਚੰਦ, ਐਨ. ਐੱਸ. ਐੱਸ. ਇੰਚਾਰਜ ਸ਼ੀਬਾ ਤੇ ਸੀਮਾ ਕੰਬੋਜ ਵੀ ਹਾਜ਼ਰ ਸਨ | ਸਮਾਗਮ ਦੇ ਅੰਤ 'ਚ ਮਾਤਾ ਬਸੰਤੀ ਦੇਵੀ ਮੰਦਰ 'ਚ ਲੰਗਰ ਵਰਤਾਇਆ |