ਫ਼ਾਜ਼ਿਲਕਾ, 24 ਫਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਸਰਵ ਸਿੱਖਿਆ ਅਭਿਆਨ ਤਹਿਤ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ ਤੇ ਵੱਖ-ਵੱਖ ਕਾਲਜ ਬਣਾ ਕੇ ਉਚੇਰੀ ਸਿੱਖਿਆ ਦੇ ਪੱਧਰ ਨੂੰ ਉਤਸ਼ਾਹਿਤ ਕਰ ਰਹੀ ਹੈ | ਸਰਕਾਰ ਦੀ ਮਨਸ਼ਾ ਹੈ ਕਿ ਸੂਬੇ 'ਚ ਕੋਈ ਵੀ ਬੱਚਾ ਉਚੇਰੀ ਸਿੱਖਿਆ ਤੋਂ ਵਾਂਝਾ ਨਾ ਰਹੇ | ਜੇਕਰ ਫ਼ਾਜ਼ਿਲਕਾ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਪਿਛਲੇ 80 ਸਾਲਾਂ ਤੋਂ ਇਕੋ-ਇਕ ਸਰਕਾਰੀ ਐਮ. ਆਰ. ਕਾਲਜ ਚੱਲ ਰਿਹਾ ਹੈ, ਜਿਥੋਂ ਸਿੱਖਿਆ ਪ੍ਰਾਪਤ ਕਰਕੇ ਹਜ਼ਾਰਾਂ ਬੱਚੇ ਉੱਚ ਅਹੁਦਿਆਂ 'ਤੇ ਬਿਰਾਜਮਾਨ ਹੋਏ ਹਨ | ਦੇਸ਼ ਦੇ ਸਾਬਕਾ ਲੋਕ ਸਭਾ ਸਪੀਕਰ ਡਾ. ਬਲਰਾਮ ਜਾਖੜ ਨੇ ਵੀ ਇਸੇ ਕਾਲਜ ਤੋਂ ਸਿੱਖਿਆ ਹਾਸਿਲ ਕੀਤੀ ਸੀ | ਇਹ ਜਾਣਕਾਰੀ ਦਿੰਦਿਆਂ ਅਧਿਆਪਕ ਅਜੇ ਠਕਰਾਲ ਨੇ ਦੱਸਿਆ ਕਿ ਸ਼ਹਿਰ 'ਚ ਲੜਕੀਆਂ ਲਈ ਕੋਈ ਵੱਖਰਾ ਸਰਕਾਰੀ ਕਾਲਜ ਨਹੀਂ ਹੈ | ਕੁਝ ਸਾਲ ਪਹਿਲਾਂ ਇਸ ਕਾਲਜ ਦੀ ਇਕ ਵੱਖਰੀ ਲੜਕੀਆਂ ਵਾਲੀ ਸ਼ਾਖਾ ਹਨੂੰਮਾਨ ਮੰਦਰ ਦੇ ਸਾਹਮਣੇ ਚਲਾਈ ਗਈ ਸੀ, ਪਰ ਕਿਸੇ ਕਾਰਨ ਉਹ ਵੀ ਬੰਦ ਕਰ ਦਿੱਤੀ ਗਈ | ਇਸ ਕਾਰਨ ਲੜਕੀਆਂ ਨੂੰ ਜਾਂ ਤਾਂ ਦੂਜੇ ਸ਼ਹਿਰਾਂ ਵਿਚ ਪੜ੍ਹਨ ਜਾਣਾ ਪੈਂਦਾ ਹੈ ਜਾਂ ਉਹ ਆਪਣੀ ਪੜ੍ਹਾਈ ਅੱਧ ਵਿਚਾਲੇ ਛੱਡ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਕੋਲ ਨਾ ਤਾਂ ਜਗ੍ਹਾਂ ਦੀ ਕਮੀ ਹੈ ਤੇ ਨਾ ਹੀ ਸ਼ਹਿਰ ਨਿਵਾਸੀਆਂ 'ਚ ਦਾਨ ਦੇਣ ਦੀ ਕੋਈ ਕਮੀ ਹੈ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਕ 'ਹਾਈ ਪਾਵਰ ਕਮੇਟੀ' ਦਾ ਗਠਨ ਕਰਨਾ ਚਾਹੀਦਾ ਹੈ, ਜਿਸ 'ਚ ਸਿੱਖਿਆ ਸ਼ਾਸਤਰੀ, ਉੱਚ ਸਿੱਖਿਆ ਅਧਿਕਾਰੀ ਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਹੋਣ | ਇਹ ਕਮੇਟੀ ਸਰਵੇ ਕਰਕੇ ਰਿਪੋਰਟ ਪੇਸ਼ ਕਰੇ ਤਾਂ ਜੋ ਜਲਦੀ ਕਾਰਵਾਈ ਹੋ ਸਕੇ | ਠਕਰਾਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਲੜਕੀਆਂ ਲਈ ਵੱਖਰੇ ਕਾਲਜ ਦਾ ਨਿਰਮਾਣ ਜਲਦ ਕਰਵਾਇਆ ਜਾਵੇ |