ਫ਼ਾਜ਼ਿਲਕਾ, 25 ਫਰਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਬਣਨ ਨਾਲ ਸ਼ਹਿਰ ਦਾ ਹਰ ਬਾਸ਼ਿੰਦਾ ਡਰ ਦੇ ਮਾਹੌਲ ਵਿਚ ਜਿਊਣ ਲਈ ਮਜਬੂਰ ਹੈ | ਸੜਕਾਂ 'ਤੇ ਲੁੱਟਾਂ ਖੋਹਾਂ, ਔਰਤਾਂ ਦੇ ਗਹਿਣੇ ਲੁੱਟਣੇ, ਮੋਬਾਈਲਾਂ ਦੀ ਖੋਹ ਅਤੇ ਦੋ ਪਹੀਆਂ ਵਾਹਨਾਂ ਨੂੰ ਚੋਰੀ ਕਰਨਾ, ਨਸ਼ਿਆਂ 'ਤੇ ਸੱਟੇਬਾਜ਼ੀ ਆਮ ਜਿਹੀ ਗੱਲ ਬਣ ਗਈ ਹੈ | ਭਾਵੇਂ ਅਕਾਲੀ ਭਾਜਪਾ ਸਰਕਾਰ, ਫਿਰ 5 ਸਾਲ ਕਾਂਗਰਸ ਦੀ ਸਰਕਾਰ ਰਹੀ ਅਤੇ ਹੁਣ ਸਾਢੇ 4 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆਂ, ਉਕਤ ਘਟਨਾਵਾਂ ਰੁਕਣ ਦੀ ਬਜਾਏ ਪ੍ਰਫੁਲਿਤ ਹੋ ਰਹੀਆਂ ਹਨ | ਮੌਜੂਦਾ ਸਮੇਂ ਅੰਦਰ ਤਾਂ ਫ਼ਾਜ਼ਿਲਕਾ ਜ਼ਿਲ੍ਹੇ ਦਾ ਕੋਈ ਸ਼ਹਿਰ, ਕਸਬਾ ਜਾ ਪਿੰਡ ਅਜਿਹਾ ਨਹੀਂ ਜਿੱਥੇ ਕੋਈ ਨਾ ਕੋਈ ਘਟਨਾ ਨਾ ਵਾਪਰੀ ਹੋਵੇ | 24 ਫਰਵਰੀ ਸ਼ਾਮ ਨੂੰ ਸ਼ਹਿਰ ਅੰਦਰ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨਾਲ ਹਰੇਕ ਪਰਿਵਾਰ ਅੰਦਰ ਚਿੰਤਾ ਹੋਰ ਵਧ ਗਈ | ਸਥਾਨਕ ਡੈਡ ਹਾਊਸ ਰੋਡ 'ਤੇ ਬਣੇ ਨਵੇਂ ਪੈਟਰੋਲ ਪੰਪ 'ਤੇ ਬੱਸ ਸਟੈਂਡ ਦੇ ਪਿੱਛੇ ਰਹਿੰਦੇ ਇਕ ਪਰਿਵਾਰ ਦਾ ਲੜਕਾ ਐਕਟਿਵਾ ਵਿਚ ਪੈਟਰੋਲ ਪਵਾਉਣ ਲਈ ਆਇਆ | ਜਦ ਉਹ ਤੇਲ ਪਵਾ ਕੇ ਸੜਕ 'ਤੇ ਆਇਆ ਤਾਂ ਲੜਕੇ ਮੁਤਾਬਿਕ ਪਹਿਲਾਂ ਹੀ ਦੋ ਨੌਜਵਾਨ ਉੱਥੇ ਖੜ੍ਹੇ ਸਨ, ਨੇ ਉਸ ਨੂੰ ਰੋਕ ਲਿਆ | ਉਸ ਨੂੰ ਧੱਕਾ ਮਾਰ ਕੇ ਇਕ ਨੌਜਵਾਨ ਐਕਟਿਵਾ ਚਲਾਉਣ ਲੱਗ ਪਿਆ ਅਤੇ ਦੂਸਰਾ ਉਸ ਦੇ ਮਗਰ ਬੈਠ ਗਿਆ | ਉਸ ਨੇ ਬਹੁਤ ਰੌਲਾ ਪਾਇਆ ਪਰ ਉਹ ਸ਼ਹਿਰੀ 'ਤੇ ਬਾਹਰੀ ਸੜਕਾਂ 'ਤੇ ਤੇਜ਼ ਰਫ਼ਤਾਰ ਨਾਲ ਘੁੰਮਾਉਂਦੇ ਰਹੇ ਅਤੇ ਉਸ ਕੋਲੋਂ ਉਸ ਦੇ ਘਰ ਦਾ ਪਤਾ ਆਦਿ ਪੁੱਛਦੇ ਸੀ | ਪਰ ਉਸ ਨੇ ਨਹੀਂ ਦੱਸਿਆ | ਲੜਕੇ ਦੇ ਪਿਤਾ ਦਰਸ਼ਨ ਕੁਮਾਰ ਨੇ ਦੱਸਿਆ ਕਿ ਉਸ ਨੂੰ ਕਿਸੇ ਦਾ ਫ਼ੋਨ ਆਇਆ ਕਿ ਉਸ ਦਾ ਲੜਕਾ ਐਕਟਿਵਾ ਦੇ ਵਿਚਕਾਰ ਬੈਠਾ ਹੈ ਅਤੇ ਐਕਟਿਵਾ ਨੂੰ ਹੋਰ ਨੌਜਵਾਨ ਬੜੀ ਤੇਜ਼ ਰਫ਼ਤਾਰ ਨਾਲ ਚਲਾ ਰਹੇ ਹਨ | ਉਸ ਨੇ ਕਿਹਾ ਕਿ ਪਰਿਵਾਰ ਵਿਚ ਚਿੰਤਾ ਬਣ ਗਈ | ਥੋੜ੍ਹੀ ਦੇਰ ਬਾਅਦ ਬੱਚਾ ਘਬਰਾਇਆ ਹੋਇਆ ਘਰ ਵਾਪਸ ਪੁੱਜਿਆ ਤਾਂ ਉਸ ਨੇ ਇਹ ਸਾਰੀ ਕਾਰਵਾਈ ਦੱਸੀ | ਇਸੇ ਤਰ੍ਹਾਂ ਬੀਤੀ ਸ਼ਾਮ ਹੀ ਇਕ ਹੋਰ ਘਟਨਾ ਬਾਦਲ ਕਾਲੋਨੀ ਕੋਲ ਵਾਪਰੀ | ਜਦ ਕਿ ਦੋ ਬੱਚੇ ਘਰੋਂ ਟਿਊਸ਼ਨ ਪੜ੍ਹਨ ਲਈ ਗਏ | ਟਿਊਸ਼ਨ 'ਤੇ ਸਮੇਂ ਸਿਰ ਨਾ ਪੁੱਜੇ ਤਾਂ ਅਧਿਆਪਕਾ ਨੇ ਘਰੇ ਫ਼ੋਨ ਕੀਤਾ ਤੇ ਪਰਿਵਾਰ ਵਾਲੇ ਬੱਚਿਆਂ ਦੀ ਭਾਲ ਕਰਨ ਲੱਗੇ | ਕਿਸੇ ਪਾਸੇ ਵੀ ਬੱਚਿਆਂ ਦਾ ਪਤਾ ਨਾ ਚੱਲਿਆ | ਗਲੀ ਮੁਹੱਲਿਆਂ ਵਿਚ ਅਜਿਹੀਆਂ ਘਟਨਾਵਾਂ ਦਾ ਪਤਾ ਚੱਲਣ 'ਤੇ ਚਾਰੇ ਪਾਸੇ ਰੌਲਾ ਪੈ ਗਿਆ | ਇਨ੍ਹਾਂ ਬੱਚਿਆਂ ਨੂੰ ਵੀ ਦੋ ਪਹੀਆਂ ਵਾਹਨਾਂ 'ਤੇ ਬਿਠਾ ਕੇ ਸੜਕਾਂ 'ਤੇ ਘੁਮਾਇਆ ਗਿਆ ਅਤੇ ਹਨੇਰਾ ਹੋਣ 'ਤੇ ਮਹਾਵੀਰ ਕਾਲੋਨੀ ਨੇੜੇ ਛੱਡ ਗਏ | ਇਸ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਜਿਨ੍ਹਾਂ ਦੇ ਛੋਟੇ ਬੱਚੇ ਸਕੂਲਾਂ, ਟਿਊਸ਼ਨਾਂ 'ਤੇ ਜਾਂਦੇ ਹਨ, ਅੰਦਰ ਡਰ ਦਾ ਮਾਹੌਲ ਬਣ ਗਿਆ ਹੈ | ਫ਼ਾਜ਼ਿਲਕਾ ਸ਼ਹਿਰ ਅੰਦਰ ਅਜਿਹੀਆਂ ਵਾਪਰੀਆਂ ਘਟਨਾਵਾਂ ਦੀ ਚਰਚਾ ਹਰੇਕ ਮੁਹੱਲੇ, ਗਲੀ ਦੇ ਚੌਂਕ ਅਤੇ ਹਰ ਘਰ ਵਿਚ ਹੋ ਰਹੀ ਹੈ | ਇਸ ਤਰ੍ਹਾਂ ਫ਼ਾਜ਼ਿਲਕਾ ਸ਼ਹਿਰ ਅੰਦਰ ਦੋ ਪਹੀਆ ਵਾਹਨਾਂ 'ਤੇ ਤਿੰਨ -4 ਨੌਜਵਾਨ ਚੜ੍ਹੇ ਮੂੰਹ ਢਕੇ ਸੜਕਾਂ 'ਤੇ ਆਮ ਸਾਰਾ ਦਿਨ ਘੁੰਮਦੇ ਹਨ | ਜ਼ਿਲ੍ਹੇ ਦੇ ਕਿਸੇ ਵੀ ਸ਼ਹਿਰ ਜਲਾਲਾਬਾਦ, ਅਬੋਹਰ, ਕਸਬੇ ਅਰਨੀਵਾਲਾ, ਮੰਡੀ ਰੋੜਾਂਵਾਲੀ, ਮੰਡੀ ਲਾਧੂਕਾ ਆਦਿ ਚਲੇ ਜਾਓ ਇਹ ਵਰਤਾਰਾ ਹਰ ਪਾਸੇ ਨਜ਼ਰ ਆਵੇਗਾ | ਜਾਗਰੂਕ ਜ਼ਿਲ੍ਹਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੂੰ ਲੋਕ ਰੋਲਾ ਪਾ ਕੇ ਦੱਸਦੇ ਵੀ ਹਨ ਤਾਂ ਪੁਲਿਸ ਵਾਲੇ ਨਾਕੇ ਲਗਾ ਕੇ ਆਮ ਸ਼ਹਿਰੀ ਲੋਕਾਂ ਦਾ ਚਲਾਨ ਕੱਟਦੇ ਹਨ, ਜਦ ਕਿ ਦੋ ਪਹੀਆ ਵਾਹਨਾਂ 'ਤੇ ਸਵਾਰ ਨਕਾਬਪੋਸ਼ਾਂ ਨੂੰ ਕੋਈ ਪੁੱਛਣ ਵਾਲਾ ਨਹੀਂ |