ਫ਼ਾਜ਼ਿਲਕਾ, 25 ਫਰਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਹਸਪਤਾਲ ਫ਼ਾਜ਼ਿਲਕਾ ਵਿਚ ਪਿਛਲੇ ਲੰਬੇ ਸਮੇਂ ਤੋਂ ਚਮੜੀ ਦੇ ਰੋਗਾਂ ਦੇ ਮਾਹਿਰ ਦੀ ਕਮੀ ਦਾ ਸਾਹਮਣਾ ਕਰ ਰਹੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਹੈ | ਸਿਹਤ ਵਿਭਾਗ ਵਲੋਂ ਕੀਤੇ ਨਵੇਂ ਪ੍ਰਬੰਧਾਂ ਤਹਿਤ ਹੁਣ ਚਮੜੀ ਦੇ ਰੋਗਾਂ ਦੇ ਮਾਹਿਰ ਡਾ. ਸੌਰਭ ਨਾਰੰਗ ਜ਼ਿਲ੍ਹਾ ਹਸਪਤਾਲ ਫ਼ਾਜ਼ਿਲਕਾ 'ਚ ਹਫ਼ਤੇ 'ਚ ਦੋ ਦਿਨ ਆਪਣੀਆਂ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨਗੇ | ਡਾ. ਨਾਰੰਗ ਹਰ ਮੰਗਲਵਾਰ ਤੇ ਵੀਰਵਾਰ ਨੂੰ ਓ. ਪੀ. ਡੀ. 'ਚ ਮਰੀਜ਼ਾਂ ਦੀ ਜਾਂਚ ਕਰਨਗੇ | ਜ਼ਿਕਰਯੋਗ ਹੈ ਕਿ ਪਿਛਲੇ ਕਰੀਬ ਇਕ ਸਾਲ ਤੋਂ ਸਿਵਲ ਹਸਪਤਾਲ ਫ਼ਾਜ਼ਿਲਕਾ 'ਚ ਚਮੜੀ ਦੇ ਰੋਗਾਂ ਦੇ ਮਾਹਿਰ ਦੀ ਪੋਸਟ ਖ਼ਾਲੀ ਪਈ ਸੀ | ਇਸ ਕਾਰਨ ਸਰਹੱਦੀ ਖੇਤਰ ਦੇ ਗ਼ਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਹਸਪਤਾਲ 'ਚ ਮਾਹਿਰ ਡਾਕਟਰ ਨਾ ਹੋਣ ਕਾਰਨ ਚਮੜੀ ਨਾਲ ਸੰਬੰਧਿਤ ਬਿਮਾਰੀਆਂ, ਜਿਵੇਂ ਕਿ ਐਲਰਜੀ, ਫੰਗਲ ਇਨਫੈਕਸ਼ਨ ਤੇ ਹੋਰ ਗੰਭੀਰ ਰੋਗਾਂ ਦੇ ਇਲਾਜ ਲਈ ਮਰੀਜ਼ਾਂ ਨੂੰ ਫ਼ਰੀਦਕੋਟ ਤੇ ਬਠਿੰਡਾ ਵਰਗੇ ਵੱਡੇ ਸ਼ਹਿਰਾਂ ਦੇ ਚੱਕਰ ਕੱਟਣ ਲਈ ਮਜਬੂਰ ਹੋਣਾ ਪੈਂਦਾ ਸੀ | ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਐਰਿਕ ਅਨੁਸਾਰ ਡਾ. ਸੌਰਭ ਨਾਰੰਗ ਦੀ ਨਿਯੁਕਤੀ ਨਾਲ ਓ. ਪੀ. ਡੀ. 'ਚ ਆਉਣ ਵਾਲੇ ਮਰੀਜ਼ਾਂ ਨੂੰ ਹੁਣ ਸਰਕਾਰੀ ਪੱਧਰ 'ਤੇ ਹੀ ਮਾਹਿਰਾਂ ਦੀ ਸਲਾਹ ਤੇ ਇਲਾਜ ਉਪਲਬਧ ਹੋ ਸਕੇਗਾ | ਮੰਗਲਵਾਰ ਤੇ ਵੀਰਵਾਰ ਨੂੰ ਨਿਰਧਾਰਿਤ ਇਨ੍ਹਾਂ ਸੇਵਾਵਾਂ ਨਾਲ ਨਾ ਸਿਰਫ਼ ਫ਼ਾਜ਼ਿਲਕਾ ਸ਼ਹਿਰ, ਸਗੋਂ ਆਲੇ-ਦੁਆਲੇ ਦੇ ਦਰਜਨਾਂ ਪਿੰਡਾਂ ਦੇ ਉਨ੍ਹਾਂ ਲੋਕਾਂ ਨੂੰ ਫ਼ਾਇਦਾ ਹੋਵੇਗਾ ਜੋ ਚਮੜੀ ਦੇ ਰੋਗਾਂ ਦੇ ਇਲਾਜ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ | ਸਿਹਤ ਅਧਿਕਾਰੀਆਂ ਨੇ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਿਰਧਾਰਿਤ ਦਿਨਾਂ (ਮੰਗਲਵਾਰ ਤੇ ਵੀਰਵਾਰ) 'ਤੇ ਹਸਪਤਾਲ ਪਹੁੰਚ ਕੇ ਇਨ੍ਹਾਂ ਵਿਸ਼ੇਸ਼ ਸੇਵਾਵਾਂ ਦਾ ਲਾਭ ਉਠਾਉਣ |