ਫ਼ਾਜ਼ਿਲਕਾ, 26 ਫਰਵਰੀ (ਦਵਿੰਦਰ ਪਾਲ ਸਿੰਘ)-ਮਾਨਵ ਕਲਿਆਣ ਯੋਗ ਸਾਧਨਾ ਦੇ ਸੰਚਾਲਕ ਡਾ. ਸੁਨੀਲ ਸੇਠੀ ਵਲੋਂ ਸਥਾਨਕ ਚਾਣਕਿਆ ਸਕੂਲ 'ਚ ਤਿੰਨ ਰੋਜ਼ਾ ਯੋਗ ਕੈਂਪ ਦੀ ਸ਼ੁਰੂਆਤ ਕੀਤੀ ਗਈ | ਇਹ ਕੈਂਪ ਸਕੂਲ ਦੇ ਡਾਇਰੈਕਟਰ ਰਵੀ ਮੱਕੜ, ਪਿ੍ੰਸੀਪਲ ਵੰਦਨਾ ਮੱਕੜ ਤੇ ਹਨੀ ਮੱਕੜ ਦੇ ਵਿਸ਼ੇਸ਼ ਸੱਦੇ 'ਤੇ ਲਗਾਇਆ ਗਿਆ ਹੈ | ਕੈਂਪ ਦੇ ਪਹਿਲੇ ਦਿਨ ਡਾ. ਸੁਨੀਲ ਸੇਠੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜੌਗਿੰਗ ਦੀਆਂ 12 ਕਿਰਿਆਵਾਂ ਸਮੇਤ ਤਾੜ ਆਸਣ, ਤਿਰਿਅਕ ਤਾੜ ਆਸਣ, ਗੋਡਿਆਂ ਦੀਆਂ ਕਿਰਿਆਵਾਂ, ਤਿ੍ਕੋਣਾ ਆਸਣ, ਜੰਪਿੰਗ, ਸਕਿਪਿੰਗ ਤੇ ਹਾਸਿਆ ਯੋਗ ਦਾ ਅਭਿਆਸ ਕਰਵਾਇਆ | ਸਰੀਰਕ ਤੰਦਰੁਸਤੀ ਲਈ ਬੱਚਿਆਂ ਨੂੰ ਐਕਯੂਪ੍ਰੈਸ਼ਰ ਦੇ 8 ਸਟੈੱਪ ਤੇ ਬਾਹੂ-ਬਲ ਦੇ 7 ਸਟੈੱਪ ਵੀ ਸਿਖਾਏ ਗਏ | ਪ੍ਰੋਗਰਾਮ ਦੇ ਅਖੀਰ 'ਚ 108 ਵਾਰ 'ਰਾਮ ਨਾਮ' ਦਾ ਜਾਪ ਕਰਵਾਇਆ | ਡਾ. ਸੇਠੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਖ਼ੁਦ ਯੋਗ ਕਰਨ ਦੇ ਨਾਲ-ਨਾਲ ਆਪਣੇ ਮਾਪਿਆਂ ਨੂੰ ਵੀ 'ਕਰੋ ਯੋਗ, ਰਹੋ ਨਿਰੋਗ' ਦਾ ਸੰਦੇਸ਼ ਦੇਣ | ਸਕੂਲ ਸਟਾਫ਼ ਤੇ ਵਿਦਿਆਰਥੀਆਂ ਨੇ ਬੜੀ ਮਸਤੀ ਅਤੇ ਉਤਸ਼ਾਹ ਨਾਲ ਇਸ ਕੈਂਪ 'ਚ ਹਿੱਸਾ ਲਿਆ |