ਅਬੋਹਰ, 3 ਮਾਰਚ (ਸੁਖਜੀਤ ਸਿੰਘ ਬਰਾੜ)-ਸੂਬੇ ਵਿਚ ਸਭ ਤੋਂ ਵੱਧ ਲੋਕ ਭਲਾਈ ਸਕੀਮਾਂ ਅਕਾਲੀ ਦਲ ਦੀ ਸਰਕਾਰ ਨੇ ਹੀ ਚਲਾਈਆਂ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਬੋਹਰ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਵਲੋਂ ਹਲਕੇ ਦੇ ਪਿੰਡ ਦਾਨੇਵਾਲਾ ਵਿਖੇ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਗੱਪਾਂ ਦੀ ਸਰਕਾਰ ਹੈ | ਅਬੋਹਰ ਸ਼ਹਿਰ ਅਤੇ ਪਿੰਡਾਂ 'ਚ ਆਪ ਦੀ ਸਰਕਾਰ ਨੇ ਬੀਤੇ ਚਾਰ ਸਾਲ ਸਾਲਾਂ 'ਚ ਕੁੱਝ ਨਹੀਂ ਸੰਵਾਰਿਆ, ਕਿਤੇ ਵੀ ਵਿਕਾਸ ਹੋਇਆ ਨਜ਼ਰ ਨਹੀਂ ਆ ਰਿਹਾ ਸਗੋਂ ਲੁੱਟ ਖੋਹ ਦੀਆਂ ਘਟਨਾਵਾਂ ਤਕਰੀਬਨ ਹਰ ਰੋਜ਼ ਵਾਪਰ ਰਹੀਆਂ ਹਨ | ਜਿਸ ਕਾਰਨ ਇਲਾਕੇ ਦੇ ਲੋਕ ਭੈਅ ਦੀ ਜ਼ਿੰਦਗੀ ਜਿਊ ਰਹੇ ਹਨ | ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੁੱਝ ਮਹੀਨਿਆਂ ਦੀ ਮਹਿਮਾਨ ਹੈ, ਤੁਸੀਂ ਵੀ ਤਕੜੇ ਹੋ ਕੇ ਅਕਾਲੀ ਦਲ ਦੀਆਂ ਨੀਤੀਆਂ ਦਾ ਘਰ-ਘਰ ਪ੍ਰਚਾਰ ਕਰੋ ਤਾਂ ਕਿ 2027 ਵਿਚ ਸੂਬੇ 'ਚ ਫਿਰ ਤੋਂ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ | ਇਸ ਮੌਕੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਛਿੰਦਰਪਾਲ ਸਿੰਘ ਦਾਨੇਵਾਲੀਆ, ਸੀਨੀਅਰ ਆਗੂ ਪਟੇਲ ਘੁਲਾ ਆਦਿ ਹਾਜ਼ਰ ਸਨ |