ਫ਼ਾਜ਼ਿਲਕਾ, 3 ਮਾਰਚ (ਦਵਿੰਦਰ ਪਾਲ ਸਿੰਘ)-ਸਮਾਜ ਸੇਵਾ ਵਿਚ ਮੋਹਰੀ ਜਨ ਸੇਵਾ ਸੁਸਾਇਟੀ ਵਲੋਂ ਸ਼ੁਰੂ ਕੀਤੀ ਗਈ ਕਾਪੀਆਂ ਦੀ ਰੀਸਾਈਕਲਿੰਗ ਮੁਹਿੰਮ ਤਹਿਤ ਸ਼ਹਿਰ ਤੋਂ ਬਾਹਰੋਂ ਵੀ ਦਾਨੀ ਸੱਜਣ ਜੁੜ ਰਹੇ ਹਨ | ਇਸੇ ਕੜੀ ਤਹਿਤ ਗੰਗਾਨਗਰ ਦੇ ਦੁਰਗਾ ਮੰਦਰ ਬਾਜ਼ਾਰ ਵਿਚ ਸਥਿਤ ਰਾਈਟ ਵੇ ਸਟੇਸ਼ਨਰੀ ਦੇ ਮਾਲਕ ਅਨੂਪਮ ਭਟੇਜਾ ਨੇ 250 ਨਵੀਆਂ ਕਾਪੀਆਂ ਸੁਸਾਇਟੀ ਨੂੰ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਰੀਸਾਈਕਲਿੰਗ ਪ੍ਰੋਜੈਕਟ ਬਹੁਤ ਲਾਹੇਵੰਦ ਹੈ ਅਤੇ ਉਨ੍ਹਾਂ ਕੋਲ ਪੁਰਾਣੇ ਸਟਾਕ ਵਿਚ ਇਹ ਕਾਪੀਆਂ ਪਈਆਂ ਸਨ | ਹੁਣ ਜਦੋਂ ਇਹ ਕਾਪੀਆਂ ਕਿਸੇ ਲੋੜਵੰਦ ਬੱਚੇ ਕੋਲ ਪਹੁੰਚਣਗੀਆਂ ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ | ਪ੍ਰਧਾਨ ਰਮਨ ਸੇਤੀਆ ਨੇ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਨੂਪਮ ਭਟੇਜਾ ਪਹਿਲਾਂ ਵੀ ਸੁਸਾਇਟੀ ਨੂੰ ਨਵੀਆਂ ਕਾਪੀਆਂ ਭੇਟ ਕਰ ਚੁੱਕੇ ਹਨ ਅਤੇ ਅੱਗੇ ਵੀ ਉਨ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ |