ਮੰਡੀ ਅਰਨੀਵਾਲਾ, 5 ਮਾਰਚ (ਨਿਸ਼ਾਨ ਸਿੰਘ ਮੋਹਲ਼ਾ)-ਸੂਬੇ ਵਿਚ ਬਲਾਕ ਸੰਮਤੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਦੇ ਤਹਿਤ ਅਰਨੀਵਾਲਾ ਬਲਾਕ ਸੰਮਤੀ ਦੀ ਚੋਣ ਵੀਂ ਕੀਤੀ ਜਾਣੀ ਸੀ, ਪਰ ਅੱਜ ਇਹ ਚੋਣ ਨੇਪਰੇ ਨਹੀਂ ਚੜ ਸਕੀ | ਐੱਸ.ਡੀ.ਐਮ ਫ਼ਾਜ਼ਿਲਕਾ ਜੁਗਰਾਜ ਸਿੰਘ ਕਾਹਲੋ ਬਤੌਰ ਚੋਣ ਅਬਜ਼ਰਵਰ ਚੋਣ ਕਰਵਾਉਣ ਲਈ ਪੁੱਜੇ ਸੰਮਤੀ ਦਫ਼ਤਰ ਪੁੱਜੇ | ਉਨ੍ਹਾਂ ਦੱਸਿਆ ਕਿ ਸੰਮਤੀ ਦੇ ਕੁੱਲ 15 ਮੈਂਬਰ ਹਨ ਅਤੇ ਸੰਮਤੀ ਦੀ ਇਹ ਪਹਿਲੀ ਮੀਟਿੰਗ ਸੀ | ਜਿਸ ਵਿਚ ਮੈਂਬਰਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਕੀਤੀ ਜਾਣੀ ਹੁੰਦੀ ਹੈ | ਚੋਣ ਪ੍ਰਕਿਰਿਆ ਵਾਸਤੇ ਦੋ ਤਿਹਾਈ ਮੈਂਬਰਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ | ਪਰ ਅੱਜ ਕੋਈ ਵੀ ਮੈਂਬਰ ਦਿੱਤੇ ਹੋਏ ਨਿਰਧਾਰਿਤ ਸਮੇਂ 'ਤੇ ਨਹੀਂ ਪੁੱਜਿਆ | ਜਿਸ ਕਰਕੇ ਚੋਣ ਪ੍ਰਕਿਰਿਆ ਨੇਪਰੇ ਨਹੀਂ ਚੜ ਸਕੀ | ਉਨ੍ਹਾਂ ਦੱਸਿਆ ਕਿ ਮੈਂਬਰਾਂ ਨੂੰ ਚੋਣ ਪ੍ਰਕਿਰਿਆ ਵਿਚ ਸ਼ਾਮਿਲ ਹੋਣ ਲਈ ਲਿਖਤੀ ਤੌਰ 'ਤੇ ਸੂਚਿਤ ਕੀਤਾ ਗਿਆ ਸੀ | ਸੰਮਤੀ ਦੇ ਸਮੂਹ 15 ਮੈਂਬਰਾਂ ਵਿਚੋਂ ਕੋਈ ਵੀ ਅੱਜ ਚੋਣ ਪ੍ਰਕਿਰਿਆ ਵਿਚ ਨਾ ਨਿੱਜੀ ਤੌਰ ਤੇ ਸ਼ਾਮਿਲ ਹੋਇਆ ਅਤੇ ਨਾ ਹੀ ਉਨ੍ਹਾਂ ਵਲੋਂ ਨਾ ਆਉਣ ਬਾਰੇ ਦਫ਼ਤਰ ਨੂੰ ਕੋਈ ਸੁਨੇਹਾ ਦਿੱਤਾ ਗਿਆ | ਐੱਸ.ਡੀ.ਐਮ ਫ਼ਾਜ਼ਿਲਕਾ ਦੱਸਿਆ ਕਿ ਚੋਣ ਵਾਸਤੇ ਅਗਲੀ ਮਿਤੀ ਦਾ ਐਲਾਨ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਸਮੂਹ ਮੈਂਬਰਾਂ ਨੂੰ ਦਿੱਤਾ ਜਾਵੇਗਾ |