ਫ਼ਾਜ਼ਿਲਕਾ, 5 ਮਾਰਚ (ਅਮਰਜੀਤ ਸ਼ਰਮਾ)-ਉਪ ਮੰਡਲ ਦੇ ਪਿੰਡ ਘੱਲੂ ਸਥਿਤ ਗਾਡਵਿਨ ਪਬਲਿਕ ਸਕੂਲ ਵਿਚ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਮਿਲ ਕੇ ਹੋਲੀ ਖੇਡੀ ਅਤੇ ਇਕ-ਦੂਜੇ ਨੂੰ ਗੁਲਾਲ ਲਗਾ ਕੇ ਤਿਉਹਾਰ ਦੀ ਵਧਾਈ ਦਿੱਤੀ | ਸਮਾਗਮ ਦੌਰਾਨ ਬੱਚਿਆਂ ਲਈ ਰੰਗੋਲੀ, ਪੇਂਟਿੰਗ ਅਤੇ ਹੋਲੀ ਥੀਮ 'ਤੇ ਆਧਾਰਿਤ ਕਈ ਰਚਨਾਤਮਿਕ ਗਤੀਵਿਧੀਆਂ ਕਰਵਾਈਆਂ ਗਈਆਂ | ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਹੋਲੀ ਦੇ ਸਭਿਆਚਾਰਕ ਮਹੱਤਵ ਅਤੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ ਗਿਆ | ਸਕੂਲ ਦੇ ਪਿ੍ੰਸੀਪਲ ਅਭਿਲੇਖ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲੀ ਦਾ ਤਿਉਹਾਰ ਆਪਸੀ ਪਿਆਰ ਅਤੇ ਏਕਤਾ ਦਾ ਪ੍ਰਤੀਕ ਹੈ | ਮੈਨੇਜਿੰਗ ਕਮੇਟੀ ਮੈਂਬਰ ਮੈਡਮ ਲਖਵਿੰਦਰ ਕੌਰ ਬਰਾੜ ਨੇ ਕਿਹਾ ਕਿ ਹੋਲੀ ਦਾ ਪਵਿੱਤਰ ਦਿਹਾੜਾ ਸਾਨੂੰ ਸਾਰੇ ਮਤਭੇਦ ਭੁੱਲਾ ਕੇ ਮਿਲ-ਜੁਲ ਕੇ ਰਹਿਣ ਅਤੇ ਇੱਕ-ਦੂਜੇ ਪ੍ਰਤੀ ਸਤਿਕਾਰ ਬਣਾਈ ਰੱਖਣ ਦੀ ਪ੍ਰੇਰਨਾ ਦਿੰਦਾ ਹੈ | ਮੈਨੇਜਿੰਗ ਕਮੇਟੀ ਮੈਂਬਰ ਐਡਵੋਕੇਟ ਮਨਿੰਦਰ ਸਿੰਘ ਸਰਾਂ ਨੇ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਰੰਗਾਂ ਦਾ ਤਿਉਹਾਰ ਹਰ ਕਿਸੇ ਦੇ ਜੀਵਨ ਵਿਚ ਸਕਰਾਤਮਕਤਾ ਅਤੇ ਖ਼ੁਸ਼ੀਆਂ ਭਰੇ | ਇਸ ਮੌਕੇ ਬੱਚਿਆਂ ਨੇ ਆਪਣੇ ਅਧਿਆਪਕਾਂ ਨਾਲ ਰੰਗ ਖੇਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ | ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਮੂਹ ਸਟਾਫ਼ ਨੇ ਭਰਪੂਰ ਸਹਿਯੋਗ ਦਿੱਤਾ |