ਫ਼ਾਜ਼ਿਲਕਾ, 5 ਮਾਰਚ (ਦਵਿੰਦਰ ਪਾਲ ਸਿੰਘ)-ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਫ਼ਾਜ਼ਿਲਕਾ ਨੇ ਸਰਹੱਦੀ ਪਿੰਡ ਕੋਲੋਂ ਮਾਂ ਪੁੱਤਰ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਏ.ਐੱਸ.ਆਈ.ਗੁਰਮੀਤ ਸਿੰਘ, ਏ.ਐੱਸ.ਆਈ ਹਰਦਿਆਲ ਸਿੰਘ ਪੁਲਿਸ ਪਾਰਟੀ ਸਮੇਤ ਸਰਹੱਦੀ ਖੇਤਰ ਮੁਹੰਮਦ ਅਮੀਰਾਂ ਤੋਂ ਮੁਹੰਮਦ ਪੀਰਾ ਿਲੰਕ ਰੋਡ 'ਤੇ ਜਾ ਰਹੇ ਸਨ | ਸਥਾਨਕ ਐੱਸ.ਐੱਸ.ਓ.ਸੀ ਦੇ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਇਸੇ ਸੜਕ 'ਤੇ ਉਨ੍ਹਾਂ ਨੂੰ ਬੀ.ਐੱਸ.ਐਫ.ਦੀ ਇਕ ਪਾਰਟੀ ਬੋਲੈਰੋ ਗੱਡੀ 'ਤੇ ਮਿਲੀ | ਜੋ ਪਹਿਲਾ ਹੀ ਸੁਰੱਖਿਆ ਪੱਖੋਂ ਗਸ਼ਤ 'ਤੇ ਸੀ | ਜਿਸ 'ਤੇ ਐੱਸ.ਐੱਸ.ਓ.ਸੀ ਦੇ ਜਵਾਨਾਂ ਅਤੇ ਬੀ.ਐੱਸ.ਐਫ.ਵਾਲਿਆਂ ਨੇ ਸਾਂਝੇ ਤੌਰ 'ਤੇ ਪਿੰਡ ਮੁਹੰਮਦ ਅਮੀਰਾਂ ਤੋਂ ਪਿੰਡ ਮੁਹੰਮਦ ਪੀਰਾ ਕੋਲ ਸਪੈਸ਼ਲ ਨਾਕਾਬੰਦੀ ਕੀਤੀ ਤਾਂ ਮੁਹੰਮਦ ਅਮੀਰਾਂ ਪਾਸੋਂ ਇਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ | ਜਿਸ ਨੂੰ ਇਕ ਮੋਨਾ ਵਿਅਕਤੀ ਚਲਾ ਰਿਹਾ ਸੀ ਅਤੇ ਉਸ ਪਿੱਛੇ ਔਰਤ ਬੈਠੀ ਸੀ | ਜਿਸ ਨੂੰ ਏ.ਐੱਸ.ਆਈ.ਗੁਰਮੀਤ ਸਿੰਘ ਨੇ ਬੈਟਰੀ ਦੀ ਰੌਸ਼ਨੀ ਨਾਲ ਮੋਟਰਸਾਈਕਲ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਨੇ ਮੋਟਰਸਾਈਕਲ ਦੀ ਸਪੀਡ ਵਧਾ ਕੇ ਭਜਾਉਣ ਦੀ ਕੋਸ਼ਿਸ਼ ਕੀਤੀ | ਪਰ ਏ.ਐੱਸ.ਆਈ.ਨੇ ਸਮੇਤ ਸਾਥੀਆਂ ਉਨ੍ਹਾਂ ਨੂੰ ਕਾਬੂ ਕਰ ਲਿਆ | ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਇੰਚਾਰਜ ਸਤੀਸ਼ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ ਦੇ ਵਿਚਕਾਰ ਇਕ ਗੱਠ ਮਹਿਰੂਨ ਰੰਗ ਦੀ ਰੱਖੀ ਹੋਈ ਸੀ | ਜਦ ਪੁਲਿਸ ਪਾਰਟੀ ਨੇ ਉਨ੍ਹਾਂ ਦਾ ਨਾਂਅ ਪੁੱਛਿਆ ਤਾਂ ਮੋਟਰਸਾਈਕਲ ਚਾਲਕ ਨੇ ਆਪਣਾ ਨਾਂਅ ਗੁਰਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਆਸਿਫਵਾਲਾ ਥਾਣਾ ਸਦਰ ਫ਼ਾਜ਼ਿਲਕਾ ਦੱਸਿਆ | ਪਿੱਛੇ ਬੈਠੀ ਔਰਤ ਨੇ ਆਪਣਾ ਨਾਮ ਪਾਲੋ ਬਾਈ ਪਤਨੀ ਚਰਨਜੀਤ ਸਿੰਘ ਵਾਸੀ ਆਸਿਫ਼ ਵਾਲਾ ਦੱਸਿਆ | ਪੁਲਿਸ ਨੂੰ ਸ਼ੱਕ ਪੈਣ 'ਤੇ ਉਨ੍ਹਾਂ ਮਹਿਰੂਨ ਸ਼ਾਲ ਜਿਸ ਨੂੰ ਗੱਠ ਮਾਰੀ ਹੋਈ ਸੀ, ਦੀ ਹਾਜ਼ਰੀ ਵਿਚ ਜਾਂਚ ਕੀਤੀ ਤਾਂ ਉਸ ਵਿਚੋਂ 3 ਪੈਕਟ ਜਿਨ੍ਹਾਂ 'ਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ 'ਤੇ ਲੋਹੇ ਦੀਆਂ ਹੁੱਕਾਂ ਲੱਗੀਆਂ ਹੋਈਆਂ ਸਨ | ਉਕਤ ਤਿੰਨੋਂ ਪੈਕਟਾਂ ਨੂੰ ਵਾਰੋ ਵਾਰੀ ਟੈਸਟਿੰਗ ਕਿੱਟ ਨਾਲ ਚੈੱਕ ਕਰਨ 'ਤੇ ਹੈਰੋਇਨ ਪਾਈ ਗਈ | ਉਨ੍ਹਾਂ ਦੱਸਿਆ ਕਿ ਵਜ਼ਨ ਕਰਨ 'ਤੇ ਇਕ ਪੈਕਟ 1080 ਗਰਾਮ, 1070 ਅਤੇ 380 ਗਰਾਮ ਪਾਇਆ ਗਿਆ | ਜਿਨ੍ਹਾਂ ਦੇ ਵੱਖ-ਵੱਖ ਪਲੰਦੇ ਤਿਆਰ ਕੀਤੇ ਗਏ | ਤਿੰਨੋਂ ਪੈਕਟਾਂ ਦਾ ਵਜ਼ਨ 3 ਕਿੱਲੋ 230 ਗਰਾਮ ਨਿਕਲਿਆ | ਉਨ੍ਹਾਂ ਦੱਸਿਆ ਕਿ ਮਹਿਰੂਨ ਰੰਗ ਦੀ ਸ਼ਾਲ ਦਾ ਵੱਖਰਾ ਪੁਲੰਦਾ ਤਿਆਰ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪਕੜੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਐਨ.ਡੀ.ਪੀ.ਐੱਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ | ਸੂਤਰਾਂ ਅਨੁਸਾਰ ਪਾਕਿਸਤਾਨ ਤੋਂ ਇਹ ਹੈਰੋਇਨ ਡਰੋਨ ਰਾਹੀਂ ਭਾਰਤੀ ਖੇਤਰ ਵਿਚ ਆਈ ਸੀ | ਇਹ ਲੋਕ ਹੈਰੋਇਨ ਅੱਗੋਂ ਦੇਣ ਲਈ ਜਾ ਰਹੇ ਸਨ |