ਫ਼ਾਜ਼ਿਲਕਾ, 6 ਮਾਰਚ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮੀਟਿੰਗ ਕੀਤੀ | ਮੀਟਿੰਗ ਦੌਰਾਨ ਉਨ੍ਹਾਂ ਸਿਹਤ ਵਿਭਾਗ ਦੇ ਪ੍ਰੋਗਰਾਮ ਜੱਚਾ-ਬੱਚਾ, ਆਰ.ਬੀ.ਐੱਸ.ਕੇ. ਪ੍ਰੋਗਰਾਮ, ਆਰ.ਕੇ. ਐੱਸ ਪ੍ਰੋਗਰਾਮ, ਗਰਭਵਤੀ ਅÏਰਤਾਂ ਦੀ ਦੇਖਭਾਲ ਲਈ ਟੀਕਾਕਰਨ, ਸਰਕਾਰੀ ਸੰਸਥਾਵਾਂ ਵਿਖੇ ਡਿਲੀਵਰੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਅਣਗਹਿਲੀ ਨਾ ਵਰਤੀ ਜਾਵੇ | ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਿਵਲ ਹਸਪਤਾਲ, ਸਿਹਤ ਕੇਂਦਰ ਅਤੇ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਤਾਂ ਜੋ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਸਿਹਤ ਸੇਵਾਵਾਂ ਹਾਸਲ ਕਰਨ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦੂਰ ਦੁਰਾਡੇ ਜਾਣ ਦੀ ਬਜਾਏ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਹਾਸਲ ਹੋ ਸਕਣ, ਇਸ ਲਈ ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ | ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਅੰਦਰ ਜਿੱਥੇ ਵੀ ਆਮ ਆਦਮੀ ਕਲੀਨਿਕ ਦੇ ਪ੍ਰੋਜੈਕਟ ਕਾਰਵਾਈ ਅਧੀਨ ਹਨ, ਜਲਦ ਤੋਂ ਜਲਦ ਪ੍ਰੋਜੈਕਟਾਂ ਨੂੰ ਮੁਕੰਮਲ ਕਰਨ ਸਬੰਧੀ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾਣ | ਇਸ ਮੌਕੇ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਸਿਹਤ ਵਿਭਾਗ ਦੀ ਸਾਲ 2026 ਦੀ ਹੁਣ ਤੱਕ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਗਰਭਵਤੀ ਅÏਰਤਾਂ ਦੇ ਟੀਕਾਕਰਨ, ਚੈੱਕਅਪ, ਮਾਂ ਬਣਨ ਉਪਰੰਤ ਜਚਾ-ਬੱਚਾ ਦਾ ਫੋਲੋਅਪ ਦੇ ਹੁਣ ਤੱਕ ਦੇ ਟੀਚਿਆਂ ਬਾਰੇ ਚਾਨਣਾ ਪਾਇਆ | ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ 14 ਤੋਂ 15 ਸਾਲ ਤੱਕ ਦੀਆਂ ਬਚੀਆਂ ਨੂੰ ਸਕੂਲਾਂ ਵਿਚ ਜਾਗਰੂਕ ਕੀਤਾ ਜਾਵੇ ਕਿ ਉਹ ਸਿਹਤ ਸੰਸਥਾਵਾਂ ਵਿਖੇ ਪਹੁੰਚ ਐੱਚ.ਪੀ.ਵੀ. ਵੈਕਸੀਨ ਜ਼ਰੂਰ ਲਗਵਾਉਣ | ਇਸ ਤੋਂ ਇਲਾਵਾ ਡਾ. ਰਿੰਕੂ ਨੇ ਆਰ.ਬੀ.ਐੱਸ.ਕੇ. ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਮਾਂ ਵੱਲੋਂ ਸਕੂਲਾਂ ਵਿਚ ਜਾ ਕੇ ਬਚਿਆਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ ਤੇ ਬਚਿਆਂ ਦਾ ਚੈੱਕਅਪ ਕਰਕੇ ਲੋੜੀਂਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਡਾ. ਸੁਨੀਤਾ ਨੇ ਡੇਂਗੂ ਕੇਸਾਂ ਅਤੇ ਡਾ. ਨੀਲੂ ਚੁੱਘ ਨੇ ਐੱਚ.ਆਈ.ਵੀ. ਅਤੇ ਟੀ.ਬੀ. ਰੋਗ ਤਹਿਤ ਕੀਤੀਆਂ ਗਈਆਂ ਕਾਰਵਾਈਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਦੌਰਾਨ ਡੀ.ਐਮ.ਸੀ. ਡਾ.ਐਰਿਕ ਨੇ ਆਰ.ਕੇ. ਐੱਸ.ਪ੍ਰੋਗਰਾਮ ਦੀ ਵਿਸਥਾਰਪੂਰਵਕ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ | ਇਸ ਮੌਕੇ ਡਾ.ਪੰਕਜ ਚੌਹਾਨ, ਜ਼ਿਲ੍ਹਾ ਸਿੱਖਿਆ ਅਫ਼ਸਰ ਸਤੀਸ਼ ਕੁਮਾਰ, ਪੀ.ਡਬਲਯੂ.ਡੀ., ਪੰਚਾਇਤੀ ਰਾਜ ਆਦਿ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |