ਅਬੋਹਰ, 7 ਮਾਰਚ (ਤੇਜਿੰਦਰ ਸਿੰਘ ਖ਼ਾਲਸਾ) ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵਲੋਂ ਔਰਤਾਂ ਲਈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਅਬੋਹਰ ਤੋਂ ਚੱਲਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਜਿਹਾ ਹੀ ਇਕ ਮਾਮਲਾ ਅੱਜ ਦੁਪਹਿਰ ਸਾਹਮਣੇ ਆਇਆ, ਜਦ ਫ਼ਾਜ਼ਿਲਕਾ ਵੱਲ ਜਾਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬੱਸ ਅੱਡੇ ਦੇ ਅੰਦਰ ਆਉਣ ਦੀ ਬਜਾਏ ਬੱਸ ਅੱਡੇ ਦੇ ਬਾਹਰੋਂ ਹੀ ਲੰਘ ਗਈਆਂ | ਇਸ ਕਾਰਨ ਬੱਸ ਅੱਡੇ ਅੰਦਰ ਖੜ੍ਹੇ ਯਾਤਰੀਆਂ ਅਤੇ ਸਕੂਲੀ ਬੱਚਿਆਂ ਨੂੰ ਲੰਬੇ ਸਮੇਂ ਤੱਕ ਬੱਸਾਂ ਦਾ ਇੰਤਜ਼ਾਰ ਕਰਨਾ ਪਿਆ ਅਤੇ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਇਸ ਸੰਬੰਧੀ ਯਾਤਰੂਆਂ ਵਲੋਂ ਜਦ ਪੰਜਾਬ ਰੋਡਵੇਜ਼ ਦੇ ਦਫ਼ਤਰ ਜਾ ਕੇ ਸ਼ਿਕਾਇਤ ਕਰਨੀ ਚਾਹੀ ਤਾਂ ਦਫ਼ਤਰ ਵਿਚ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ | ਇਸ ਕਾਰਨ ਯਾਤਰੀਆਂ ਵਿਚ ਹੋਰ ਵੀ ਨਾਰਾਜ਼ਗੀ ਦੇਖਣ ਨੂੰ ਮਿਲੀ | ਨਾਰਾਜ਼ ਯਾਤਰੀਆਂ ਅਤੇ ਸਕੂਲੀ ਬੱਚਿਆਂ ਨੇ ਦੱਸਿਆ ਕਿ ਅਕਸਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ਬੱਸ ਅੱਡੇ ਦੇ ਅੰਦਰ ਆਉਣ ਦੀ ਬਜਾਏ ਬਾਹਰੋਂ ਹੀ ਲੰਘ ਜਾਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਪਰੇਸ਼ਾਨੀ ਝੱਲਣੀ ਪੈਂਦੀ ਹੈ | ਯਾਤਰੂਆਂ ਦਾ ਕਹਿਣਾ ਹੈ ਕਿ ਕਈ ਵਾਰ ਬੱਸਾਂ ਨਾ ਰੁਕਣ ਕਾਰਨ ਉਨ੍ਹਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਹੋਰ ਸਾਧਨਾਂ ਦਾ ਸਹਾਰਾ ਲੈਣਾ ਪੈਂਦਾ ਹੈ | ਯਾਤਰੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਕੁੱਝ ਮਾਮਲਿਆਂ ਵਿਚ ਪੰਜਾਬ ਰੋਡਵੇਜ਼ ਦੇ ਕਰਮਚਾਰੀ ਪ੍ਰਾਈਵੇਟ ਬੱਸ ਚਾਲਕਾਂ ਨਾਲ ਮਿਲੀਭੁਗਤ ਕਰਕੇ ਇਸ ਤਰ੍ਹਾਂ ਦੀ ਕਾਰਵਾਈ ਕਰਦੇ ਹਨ, ਜਿਸ ਨਾਲ ਸਰਕਾਰੀ ਬੱਸਾਂ ਦੀ ਸਹੂਲਤ ਤੋਂ ਲੋਕ ਵਾਂਝੇ ਰਹਿ ਜਾਂਦੇ ਹਨ | ਯਾਤਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਕੇ ਸੰਬੰਧਿਤ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |