ਅਬੋਹਰ, 8 ਮਾਰਚ (ਤੇਜਿੰਦਰ ਸਿੰਘ ਖ਼ਾਲਸਾ)- ਜਾਖੜ ਟਰੱਸਟ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿਚ ਅਬੋਹਰ ਦੇ ਨਹਿਰੂ ਪਾਰਕ ਵਿਚ ਇਕ ਸ਼ਾਨਦਾਰ ਸਮਾਰੋਹ ਕਰਵਾਇਆ | ਇਸ ਸਮਾਗਮ ਵਿਚ ਆਧਾਰਸ਼ਿਲਾ ਸਕੂਲ ਦੀ ਸਿੱਖਿਆ ਨਿਰਦੇਸ਼ਕ ਅਨਾਮਿਕਾ ਗੁਪਤਾ ਨੂੰ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਅਤੇ ਵਿੱਦਿਅਕ ਸੁਧਾਰਾਂ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਿਧਾਇਕ ਸੰਦੀਪ ਜਾਖੜ ਨੇ ਅਨਾਮਿਕਾ ਗੁਪਤਾ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ | ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸਮਾਜਿਕ, ਵਿੱਦਿਅਕ ਅਤੇ ਮਹਿਲਾ ਸ਼ਖ਼ਸੀਅਤਾਂ ਮੌਜੂਦ ਸਨ | ਜ਼ਿਕਰਯੋਗ ਹੈ ਕਿ ਅਨਾਮਿਕਾ ਗੁਪਤਾ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਪ੍ਰਣਾਲੀ ਵਿਚ ਸਾਕਾਰਾਤਮਕ ਬਦਲਾਅ ਲਿਆਉਣ ਲਈ ਕੰਮ ਕਰ ਰਹੇ ਹਨ | ਉਨ੍ਹਾਂ ਦੀ ਅਗਵਾਈ ਹੇਠ ਆਧਾਰਸ਼ਿਲਾ ਸਕੂਲ ਨਾ ਸਿਰਫ਼ ਅਕਾਦਮਿਕ ਉਚਾਈਆਂ 'ਤੇ ਪਹੁੰਚਿਆ ਹੈ ਬਲਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮਾਪਦੰਡ ਵੀ ਸਥਾਪਤ ਕੀਤੇ ਹਨ | ਇਸ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਸ਼ਾਨਦਾਰ ਕੰਮ ਲਈ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਵੀ ਕਈ ਸਨਮਾਨ ਮਿਲੇ ਚੁੱਕੇ ਹਨ | ਆਪਣੇ ਸੰਬੋਧਨ ਵਿਚ ਅਨਾਮਿਕਾ ਗੁਪਤਾ ਨੇ ਸੰਦੀਪ ਜਾਖੜ ਅਤੇ ਜਾਖੜ ਟਰੱਸਟ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਵਿਧਾਇਕ ਸੰਦੀਪ ਜਾਖੜ ਲਗਾਤਾਰ ਲੋਕ ਭਲਾਈ ਦੇ ਕੰਮਾਂ ਵਿਚ ਲੱਗੇ ਹੋਏ ਹਨ ਜੋ ਕਿ ਸਾਡੇ ਲਈ ਵੀ ਪੇ੍ਰਰਨਾਦਾਇਕ ਹੈ | ਇਸ ਸਮਾਰੋਹ ਦੌਰਾਨ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਕੰਮ ਕਰਨ ਵਾਲੀਆਂ ਹੋਰ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਦਾ ਮੁੱਖ ਉਦੇਸ਼ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣਾ ਅਤੇ ਸਮਾਜ ਵਿਚ ਔਰਤਾਂ ਦੇ ਸਸ਼ਕਤੀਕਰਨ ਦੇ ਸੰਦੇਸ਼ ਨੂੰ ਮਜ਼ਬੂਤ ਕਰਨਾ ਸੀ |