ਮੰਡੀ ਲਾਧੂਕਾ, 8 ਮਾਰਚ (ਰਾਕੇਸ਼ ਛਾਬੜਾ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਤਰਪ੍ਰੀਤ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਇਸ ਮੀਟਿੰਗ ਵਿਚ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖ਼ਿਲਾਫ਼ ਦਰਜ ਕੀਤੇ ਗਏ ਮੁਕੱਦਮੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਇਸ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਦੱਸਿਆ ਹੈ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਮਹਿਮਾ ਦੇ ਖ਼ਿਲਾਫ਼ ਥਾਣਾ ਅਮੀਰ ਖ਼ਾਸ ਫ਼ਾਜ਼ਿਲਕਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ | ਇਹ ਮੁਕੱਦਮਾ ਦਰਜ ਕਰਵਾਉਣ ਵਾਲੇ ਸੁਖਚੈਨ ਸਿੰਘ ਅਤੇ ਸੁਬੇਗ ਸਿੰਘ ਜਿਹੜੇ ਕਿ ਅਵਤਾਰ ਸਿੰਘ ਮਹਿਮਾ ਦੇ ਰਿਸ਼ਤੇਦਾਰ ਹਨ, ਇਨ੍ਹਾਂ ਦੇ ਵਿਚਕਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਹੈ, ਇਸ ਦੌਰਾਨ ਸੁਖਚੈਨ ਸਿੰਘ ਦੇ ਲੜਕੇ ਨਵਜੋਤ ਸਿੰਘ ਨੇ ਆਪਣੇ ਸਾਥੀਆਂ ਨੂੰ ਲੈ ਕੇ ਸੁਬੇਗ ਸਿੰਘ ਦੇ ਘਰੋਂ ਉਸ ਦਾ ਮੋਟਰ ਸਾਈਕਲ ਜਬਰੀ ਚੁੱਕ ਕੇ ਲੈ ਗਿਆ, ਇਸ ਚੋਰੀ ਹੋਏ ਮੋਟਰ ਸਾਈਕਲ ਨੂੰ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਚੋਰੀ ਕਰਨ ਵਾਲੇ ਦੇ ਘਰੋਂ ਬਰਾਮਦ ਵੀ ਕਰ ਲਿਆ | ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਰਾਜ਼ੀਨਾਮੇ ਦੀ ਗੱਲਬਾਤ ਚੱਲਦੀ ਰਹੀ, ਪਰ ਰਾਜ਼ੀਨਾਮਾ ਨਾ ਹੋਣ ਦੀ ਸੂਰਤ ਵਿਚ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਵਲੋਂ ਜਬਰੀ ਮੋਟਰ ਸਾਈਕਲ ਚੁੱਕ ਕੇ ਲੈ ਜਾਣ ਤੇ ਕਾਰਵਾਈ ਕਰਦਿਆਂ ਨਵਜੋਤ ਸਿੰਘ 'ਤੇ ਮੁਕੱਦਮਾ ਦਰਜ ਕੀਤਾ ਗਿਆ | ਉਨ੍ਹਾਂ ਨੇ ਦੱਸਿਆ ਹੈ ਕਿ ਇਸ ਸਬੰਧ ਵਿਚ ਇਕ ਸ਼ਿਕਾਇਤ ਪੱਤਰ ਸੁਖਚੈਨ ਸਿੰਘ ਵਲੋਂ ਐੱਸ ਐੱਸ ਪੀ ਫ਼ਾਜ਼ਿਲਕਾ ਨੂੰ ਦਿੱਤਾ ਗਿਆ, ਜਿਸ ਤੇ ਜਾਂਚ ਡੀ ਐੱਸ ਪੀ ਸਬ ਡਵੀਜ਼ਨ ਜਲਾਲਾਬਾਦ ਨੂੰ ਸੌਂਪੀ ਗਈ | ਜਾਂਚ ਦੌਰਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾ ਵਲੋਂ ਆਪਣੀ ਅਤੇ ਪਰਿਵਾਰਕ ਮੈਂਬਰਾਂ ਦੀ ਬੇਗੁਨਾਹੀ ਲਈ ਸਾਰੇ ਤੱਥ ਜਾਂਚ ਅਧਿਕਾਰੀ ਦੇ ਸਾਹਮਣੇ ਰੱਖੇ ਗਏ ਪਰ ਫਿਰ ਵੀ ਉਨ੍ਹਾਂ ਤੇ ਥਾਣਾ ਅਮੀਰ ਖ਼ਾਸ ਦੇ ਪੁਲਿਸ ਵਲੋਂ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਨੇ ਕਿਹਾ ਹੈ ਜੇਕਰ ਪੁਲਿਸ ਨੇ ਇਹ ਮੁਕੱਦਮਾ ਰੱਦ ਨਾ ਕੀਤਾ ਤਾਂ ਯੂਨੀਅਨ ਸਖ਼ਤ ਅਤੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਉਨ੍ਹਾਂ ਨੇ ਕਿਹਾ ਹੈ 9 ਮਾਰਚ ਨੂੰ ਜ਼ਿਲ੍ਹਾ ਫ਼ਾਜ਼ਿਲਕਾ ਦੀ ਡੀ ਸੀ ਨੂੰ ਯੂਨੀਅਨ ਦਾ ਇਕ ਵਫ਼ਦ ਮਿਲ ਕੇ ਇਸ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕਰੇਗਾ | ਇਸ ਮੌਕੇ 'ਤੇ ਯੂਨੀਅਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਮਹਿਮਾ, ਬਲਵੀਰ ਸਿੰਘ ਬੱਘੇਕੇ, ਸਤਪਾਲ ਸਿੰਘ ਗੰਧੜ, ਹਜ਼ੂਰ ਸਿੰਘ ਸੰਧੂ, ਗੁਰਤੇਜ ਸਿੰਘ ਸੰਧੂ, ਦੇਸ ਸਿੰਘ, ਗੁਰਬੰਸ ਸਿੰਘ, ਬਲਵੰਤ ਸਿੰਘ ਬੱਘੇਕੇ, ਮਿਲਖ ਸਿੰਘ, ਰਾਜ ਸਿੰਘ, ਜੀਤ ਸਿੰਘ ਨੂਰੇਕੇ, ਰਸ਼ਵਿੰਦਰ ਸਿੰਘ ਸੈਦੋ ਕੇ ਅਤੇ ਕਾਲਾ ਸਿੰਘ ਆਦਿ ਹਾਜ਼ਰ ਸਨ |