ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਪਿੰਡ ਜੋੜਕੀ ਕੰਕਰ ਵਾਲੀ ਵਿਖੇ ਤਿੰਨ ਰੋਜ਼ਾ ਭਗਵਾਨ ਸ੍ਰੀ ਰਾਮ ਮਹਿਮਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ਸਮਾਗਮ ਦੇ ਦੂਜੇ ਦਿਨ ਸਾਧਵੀ ਸੁਮਨ ਭਾਰਤੀ ਨੇ ਹਾਜ਼ਰ ਸੰਗਤਾਂ ਨੂੰ 'ਸੀਤਾ ਸਵੰਬਰ' ਦਾ ਪ੍ਰਸੰਗ ਭਾਵਪੂਰਤ ਢੰਗ ਨਾਲ ਸੁਣਾਇਆ | ਸਾਧਵੀ ਨੇ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਭਗਵਾਨ ਦਾ ਧਰਤੀ 'ਤੇ ਅਵਤਾਰ ਧਾਰਨ ਦਾ ਮੁੱਖ ਉਦੇਸ਼ ਲੋਕਾਂ ਨੂੰ 'ਸੱਚ' ਦਾ ਅਨੁਭਵ ਕਰਵਾਉਣਾ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਬ੍ਰਹਮ ਗਿਆਨ ਹੀ ਉਹ ਇਕੋ-ਇਕ ਔਸ਼ੱਧੀ ਹੈ ਜੋ ਸਮਾਜ ਵਿਚ ਫੈਲੇ ਪਾਪਾਂ ਅਤੇ ਦੁੱਖਾਂ ਦਾ ਨਾਸ ਕਰ ਸਕਦੀ ਹੈ | ਸਾਧਵੀ ਨੇ ਜ਼ੋਰ ਦੇ ਕੇ ਕਿਹਾ ਕਿ ਭਗਵਾਨ ਸ੍ਰੀ ਰਾਮ ਦਾ ਜੀਵਨ ਉੱਚ ਸੰਸਕਾਰਾਂ ਅਤੇ ਆਦਰਸ਼ਾਂ ਦਾ ਪ੍ਰਤੀਕ ਹੈ | ਜੇਕਰ ਮਨੁੱਖ ਉਨ੍ਹਾਂ ਦੇ ਇਕ ਗੁਣ ਨੂੰ ਵੀ ਆਪਣੇ ਜੀਵਨ ਵਿਚ ਉਤਾਰ ਲਵੇ ਤਾਂ ਉਸ ਦਾ ਕਲਿਆਣ ਨਿਸ਼ਚਿਤ ਹੈ | ਇਸ ਮੌਕੇ ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਦੱਸਿਆ ਕਿ ਸੰਸਥਾ ਦਾ 'ਬੋਧ' ਪ੍ਰੋਜੈਕਟ ਨਸ਼ਿਆਂ ਦੀ ਦਲਦਲ ਵਿਚ ਫਸੇ ਲੋਕਾਂ ਨੂੰ ਬ੍ਰਹਮ ਗਿਆਨ ਰਾਹੀਂ ਨਵੀਂ ਅਤੇ ਸਾਰਥਿਕ ਦਿਸ਼ਾ ਪ੍ਰਦਾਨ ਕਰ ਰਿਹਾ ਹੈ | ਪ੍ਰੋਗਰਾਮ ਦੇ ਅਖੀਰ ਵਿਚ ਪ੍ਰਭੂ ਦੀ ਆਰਤੀ ਕੀਤੀ ਗਈ ਅਤੇ ਸਮੂਹ ਸੰਗਤ ਵਿਚ ਪ੍ਰਸ਼ਾਦ ਵੰਡਿਆ ਗਿਆ |