ਅਬੋਹਰ, 7 ਅਪ੍ਰੈਲ (ਵਿਵੇਕ ਹੂੜੀਆ)-ਸ਼ਹਿਰ ਵਿਚ ਅਸਮਾਜਿਕ ਅਨਸਰਾਂ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਬੀਤੀ ਦੇਰ ਰਾਤ ਅਣਪਛਾਤੇ ਚੋਰਾਂ ਨੇ ਸੇਠੀ ਪੈਲੇਸ ਦੇ ਸਾਹਮਣੇ ਸਥਿਤ ਅਗਰਸੈਨ ਮਾਰਕੀਟ ਵਿਚ ਇਕ ਇਲੈਕਟੋ੍ਰਨਿਕਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ | ਚੋਰ ਦੁਕਾਨ ਦੇ ਸ਼ਟਰ ਅਤੇ ਅੰਦਰਲੇ ਗੇਟ ਤੋੜ ਕੇ ਹਜ਼ਾਰਾਂ ਦੀ ਨਗਦੀ ਅਤੇ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਅਗਰਸੈਨ ਮਾਰਕੀਟ ਵਿਚ ਹੈਪੀ ਬਾਂਸਲ ਦੀ 'ਸ਼੍ਰੀ ਬਾਲਾ ਜੀ ਟਰੇਡਰਜ਼' ਨਾਮ ਦੀ ਦੁਕਾਨ ਹੈ | ਦੁਕਾਨ ਮਾਲਕ ਨੇ ਦੱਸਿਆ ਕਿ ਰਾਤ ਕਰੀਬ 3 ਵਜੇ ਉਨ੍ਹਾਂ ਦੇ ਮੋਬਾਈਲ 'ਤੇ ਸੀ.ਸੀ.ਟੀ.ਵੀ ਕੈਮਰਿਆਂ ਦਾ ਨੋਟੀਫ਼ਿਕੇਸ਼ਨ ਆਇਆ, ਜਿਸ ਤੋਂ ਉਨ੍ਹਾਂ ਨੂੰ ਚੋਰੀ ਦੀ ਭਿਣਕ ਲੱਗੀ | ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਦੁਕਾਨ ਦੇ ਮੁੱਖ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ, ਅੰਦਰਲਾ ਸ਼ੀਸ਼ੇ ਦਾ ਗੇਟ ਚੂਰ-ਚੂਰ ਸੀ ਅਤੇ ਲੋਹੇ ਦੇ ਕੈਂਚੀ ਗੇਟ ਦੇ ਤਾਲੇ ਵੀ ਕੱਟੇ ਹੋਏ ਸਨ | ਚੋਰ ਦੁਕਾਨ ਦੇ ਗੱਲੇ ਵਿਚੋਂ 20 ਹਜ਼ਾਰ ਦੀ ਨਗਦੀ, ਐਲ.ਈ.ਡੀ. ਅਤੇ ਲੈਪਟਾਪ ਚੋਰੀ ਕਰਕੇ ਲੈ ਗਏ ਹਨ | ਸੀ.ਸੀ.ਟੀ.ਵੀ ਫੁਟੇਜ ਵਿਚ ਦੋ ਨੌਜਵਾਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਹਨ | ਘਟਨਾ ਦੀ ਸੂਚਨਾ ਮਿਲਦੇ ਹੀ ਏ.ਐੱਸ.ਆਈ. ਅਮਨਦੀਪ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਜਾਇਜ਼ਾ ਲਿਆ | ਇਸ ਦੌਰਾਨ ਮੌਕੇ 'ਤੇ ਇਕੱਠੇ ਹੋਏ ਵਪਾਰੀ ਸੰਜੇ ਸਿੰਗਲਾ, ਲਾਲਾ ਨਗੌਰੀ, ਕੌਂਸਲਰ ਪੁਨੀਤ ਅਰੋੜਾ ਅਤੇ ਹੋਰ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਗਟਾਇਆ | ਉਨ੍ਹਾਂ ਦੱਸਿਆ ਕਿ ਇਕ ਹਫ਼ਤਾ ਪਹਿਲਾਂ ਸੰਜੇ ਸਿੰਗਲਾ ਦੀ ਦੁਕਾਨ 'ਤੋਂ ਦੋ ਕੰਪ੍ਰੈਸ਼ਰ ਚੋਰੀ ਹੋਏ ਸਨ ਅਤੇ ਤਿੰਨ ਦਿਨ ਪਹਿਲਾਂ ਵੀ ਇਸੇ ਮਾਰਕੀਟ ਵਿਚ ਚੋਰੀ ਦੀ ਵਾਰਦਾਤ ਹੋਈ ਸੀ | ਵਪਾਰੀਆਂ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਗਿ੍ਫ਼ਤਾਰ ਕਰਕੇ ਨਕੇਲ ਪਾਈ ਜਾਵੇ | ਸਿਟੀ-1 ਪੁਲਿਸ ਨੇ ਸੀ.ਸੀ.ਟੀ.ਵੀ ਫੁਟੇਜ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੁਟੇਜ ਦੇ ਆਧਾਰ 'ਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ |