ਫ਼ਾਜ਼ਿਲਕਾ, 7 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪਤੀ ਤੇ ਟਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ (ਬਠਿੰਡਾ -ਬਾਦਲ ਰੋਡ) ਵਲੋਂ ਫ਼ਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਦੇ ਨੌਜਵਾਨਾਂ ਨੂੰ ਏ.ਆਰ.ਓ ਫ਼ਿਰੋਜ਼ਪੁਰ ਦੀ ਆਰਮੀ ਅਗਨੀਵੀਰ ਭਰਤੀ ਦੇ ਲਿਖਤੀ ਪੇਪਰ ਲਈ ਮੁਫ਼ਤ ਪੂਰਵ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਚੁੱਕਾ ਹੈ | ਇਹ ਜਾਣਕਾਰੀ ਦਿੰਦਿਆਂ ਕੈਪਟਨ ਲਖਵਿੰਦਰ ਸਿੰਘ ਸਿਖਲਾਈ ਅਧਿਕਾਰੀ ਸੀ-ਪਾਈਟ ਕੈਂਪ ਕਾਲਝਰਾਣੀ (ਬਠਿੰਡਾ) ਨੇ ਦੱਸਿਆ ਕਿ ਏ.ਆਰ.ਓ.ਫ਼ਿਰੋਜ਼ਪੁਰ ਦੀ ਆਰਮੀ ਅਗਨੀਵੀਰ ਭਰਤੀ ਲਈ ਆਨ-ਲਾਈਨ ਅਪਲਾਈ ਕਰਨ ਮਿਤੀ ਵਿਚ ਵਾਧਾ ਕਰ ਦਿੱਤਾ ਗਿਆ ਹੈ | ਭਰਤੀ ਹੋਣ ਦੇ ਚਾਹਵਾਨ ਨੌਜਵਾਨ ਹੁਣ 10 ਅਪ੍ਰੈਲ 2026 ਤੱਕ ਵਿਭਾਗ ਵਲੋਂ ਦਿੱਤੀ ਵੈੱਬਸਾਈਟ 'ਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ | ਫ਼ਾਜ਼ਿਲਕਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਜ਼ਿਲੇ੍ਹ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ (ਬਠਿੰਡਾ-ਬਾਦਲ ਰੋਡ) ਵਿਖੇ ਆ ਕੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਕਰਨ, ਇਸ ਸਮੇਂ ਕੈਂਪ ਵਿਚ 200 ਦੇ ਕਰੀਬ ਨੌਜਵਾਨ ਪੇਪਰ ਦੀ ਤਿਆਰੀ ਕਰ ਰਹੇ ਹਨ | ਲਿਖਤੀ ਪੇਪਰ ਦੀ ਤਿਆਰੀ ਡਿਜੀਟਲ ਸਮਾਰਟ ਕਲਾਸ ਰੂਮਜ਼ ਵਿਚ ਤਜਰਬੇਕਾਰ ਅਧਿਆਪਕਾਂ ਵਲੋਂ ਕਰਵਾਈ ਜਾਂਦੀ ਹੈ | ਉਕਤ ਜ਼ਿਲਿ੍ਹਆਂ ਦੇ ਪੂਰਵ ਸਿਖਲਾਈ ਲੈਣ ਦੇ ਚਾਹਵਾਨ ਨੌਜਵਾਨ 9 ਅਪ੍ਰੈਲ 2026 ਤੋਂ ਕਿਸੇ ਵੀ ਦਿਨ ਸਵੇਰੇ 9 ਵਜੇ ਨਿੱਜੀ ਤੌਰ 'ਤੇ ਸੀ-ਪਾਈਟ ਕੈਂਪ, ਪਿੰਡ ਕਾਲਝਰਾਣੀ ਜ਼ਿਲ੍ਹਾ ਬਠਿੰਡਾ ਵਿਖੇ ਦਸਵੀਂ ਦੇ ਸਰਟੀਫਿਕੇਟ ਦੀ ਫ਼ੋਟੋ ਕਾਪੀ, ਭਰਤੀ ਲਈ ਆਨ-ਲਾਈਨ ਅਪਲਾਈ ਕੀਤੇ ਫਾਰਮ ਦੀ ਫ਼ੋਟੋ ਕਾਪੀ, ਆਧਾਰ ਕਾਰਡ ਦੀ ਫ਼ੋਟੋ ਕਾਪੀ, ਜਾਤੀ ਸਰਟੀਫਿਕੇਟ ਅਤੇ ਰੈਜ਼ੀਡੈਂਸੀ ਸਰਟੀਫਿਕੇਟ ਦੀ ਫ਼ੋਟੋ ਕਾਪੀ, 2 ਤਾਜ਼ਾ ਪਾਸਪੋਰਟ ਸਾਈਜ਼ ਫ਼ੋਟੋ ਦਸਤਾਵੇਜ਼ ਸਮੇਤ ਨਿੱਜੀ ਤੌਰ ਤੇ ਪਹੁੰਚ ਕੇ ਰਜਿਸਟਰੇਸ਼ਨ ਕਰਵਾ ਕੇ ਟਰੇਨਿੰਗ ਸ਼ੁਰੂ ਕਰ ਸਕਦੇ ਹਨ | ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ |