ਮੰਡੀ ਲਾਧੂਕਾ, 8 ਅਪ੍ਰੈਲ (ਰਾਕੇਸ਼ ਛਾਬੜਾ)-ਮੰਡੀ ਵਿਚ ਕਣਕ ਲਿਆਉਣ ਵਾਲੇ ਕਿਸਾਨ ਮਾੜੇ ਖ਼ਰੀਦ ਪ੍ਰਬੰਧਾਂ ਅਤੇ ਮੌਸਮ ਦੀ ਮਾਰ ਝੱਲ ਰਹੇ ਹਨ | ਕਿਸਾਨ ਛਿੰਦਰ ਸਿੰਘ ਪਿੰਡ ਲਾਧੂਕਾ ਅਤੇ ਫੁੰਮਣ ਸਿੰਘ ਪਿੰਡ ਗੁੱਦੜ ਭੈਣੀ ਨੇ ਦੱਸਿਆ ਹੈ ਉਹ ਚਾਰ ਦਿਨ ਪਹਿਲਾਂ ਅਨਾਜ ਮੰਡੀ ਵਿਚ ਕਣਕ ਲੈ ਕੇ ਆਏ ਸਨ, ਪਰ ਚਾਰ ਦਿਨ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਕਣਕ ਦੀ ਖ਼ਰੀਦ ਨਹੀਂ ਹੋਈ ਹੈ | ਉਨ੍ਹਾਂ ਨੇ ਦੱਸਿਆ ਹੈ ਮੌਸਮ ਵੀ ਖ਼ਰਾਬ ਹੋ ਗਿਆ ਹੈ, ਜਿਸ ਕਰਕੇ ਉਨ੍ਹਾਂ ਦੀ ਪਰੇਸ਼ਾਨੀ ਹੋਰ ਵੱਧ ਗਈ ਹੈ | ਕਿਸਾਨਾਂ ਦਾ ਕਹਿਣਾ ਹੈ ਮੌਸਮੀ ਮਾਰ ਤੋਂ ਬਚਾਉਣ ਲਈ ਅਨਾਜ ਮੰਡੀ ਵਿਚ ਪ੍ਰਸ਼ਾਸਨ ਵਲੋਂ ਯੋਗ ਪ੍ਰਬੰਧ ਨਹੀਂ ਕੀਤੇ ਗਏ ਹਨ, ਜਿਸ ਕਰਕੇ ਕਿਸਾਨ ਪਰੇਸ਼ਾਨ ਹਨ | ਮੰਡੀ ਦੀ ਆੜ੍ਹਤੀ ਯੂਨੀਅਨ ਦੇ ਸਾਬਕਾ ਪ੍ਰਧਾਨ ਅਵਿਨਾਸ਼ ਕਮਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਣਕ ਦੀ ਕਟਾਈ ਜਲਦਬਾਜ਼ੀ ਵਿਚ ਨਾ ਕਰਨ, ਕਣਕ ਨੂੰ ਪੂਰੀ ਤਰ੍ਹਾਂ ਦੇ ਨਾਲ ਸੁਕਾ ਕੇ ਲਿਆਉਣ, ਤਾਂ ਜੋ ਇਸ ਦੇ ਬਾਜ਼ਾਰੀ ਕਰਨ ਵਿਚ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਨੇ ਕਿਹਾ ਹੈ ਮੰਡੀ ਵਿਚ ਮਾਰਕੀਟ ਕਮੇਟੀ ਵਲੋਂ ਕਣਕ ਦੀ ਖ਼ਰੀਦ ਤੋਂ ਪਹਿਲਾਂ ਇਸ ਦੀ ਨਮੀ ਚੈੱਕ ਕੀਤੀ ਗਈ ਸੀ, ਮੰਡੀ ਵਿਚ ਹਾਜ਼ਰ ਕਣਕ ਦੀਆਂ ਢੇਰੀਆਂ ਦੀ ਨਮੀ 23 ਪ੍ਰਤੀਸ਼ਤ ਆਈ ਹੈ, ਜਦੋਂ ਕਿ ਪ੍ਰਸ਼ਾਸਨ ਅਤੇ ਖ਼ਰੀਦ ਏਜੰਸੀਆਂ ਵਲੋਂ ਨਮੀ ਦੀ ਮਾਤਰਾ 12 ਪ੍ਰਤੀਸ਼ਤ ਨਿਰਧਾਰਿਤ ਕੀਤੀ ਗਈ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਇਕ ਵਾਰ ਫਿਰ ਅਪੀਲ ਕੀਤੀ ਹੈ ਮੰਡੀਆਂ ਵਿਚ ਗਿੱਲੀ ਕਣਕ ਨਾ ਲਿਆਂਦੀ ਜਾਵੇ |