ਅਬੋਹਰ, 8 ਅਪ੍ਰੈਲ (ਵਿਵੇਕ ਹੂੜੀਆ)-ਅਬੋਹਰ ਦੇ ਨੇੜਲੇ ਪਿੰਡ ਰਾਮਗੜ੍ਹ ਵਿਚ ਇੱਕਤਰਫ਼ਾ ਪਿਆਰ ਦੇ ਜਨੂਨ ਵਿਚ ਇਕ ਨੌਜਵਾਨ ਵਲੋਂ ਇਕ ਪ੍ਰਵਾਸੀ ਵਿਧਵਾ ਮਹਿਲਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੁਲਜ਼ਮ ਨੇ ਮਹਿਲਾ ਦੇ ਚਿਹਰੇ 'ਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਜਾਣਕਾਰੀ ਅਨੁਸਾਰ ਕਰੀਬ 28 ਸਾਲਾ ਰਮਾ ਵਾਸੀ ਜ਼ਿਲ੍ਹਾ ਇਟਾਵਾ, ਯੂ.ਪੀ., ਜਿਸ ਦੇ ਪਤੀ ਦੀ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਪਿਛਲੇ 15 ਦਿਨਾਂ ਤੋਂ ਪਿੰਡ ਰਾਮਗੜ੍ਹ ਵਿਚ ਆਪਣੀ ਗਰਭਵਤੀ ਭੈਣ ਦੀ ਦੇਖਭਾਲ ਕਰਨ ਲਈ ਆਈ ਹੋਈ ਸੀ | ਇਸੇ ਦੌਰਾਨ ਪਿੰਡ ਦੇ ਇਕ ਰਸੂਖਦਾਰ ਵਿਅਕਤੀ ਦੇ ਰਸੋਈਏ ਵਜੋਂ ਕੰਮ ਕਰਦੇ ਅਰਜੁਨ ਨਾਮਕ ਨੌਜਵਾਨ ਨੇ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ | ਮਹਿਲਾ ਵਲੋਂ ਵਾਰ-ਵਾਰ ਮਨ੍ਹਾ ਕਰਨ ਦੇ ਬਾਵਜੂਦ ਮੁਲਜ਼ਮ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ | ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਵੀ ਮੁਲਜ਼ਮ ਜ਼ਬਰਦਸਤੀ ਘਰ ਵਿਚ ਵੜ ਗਿਆ ਸੀ, ਜਿਸ ਨੂੰ ਪਰਿਵਾਰ ਨੇ ਭਜਾ ਦਿੱਤਾ ਪਰ ਅੱਜ ਜਦੋਂ ਰਮਾ ਵਿਹੜੇ ਵਿਚ ਮੌਜੂਦ ਸੀ ਤਾਂ ਅਰਜੁਨ ਨੇ ਗ਼ੁੱਸੇ ਵਿਚ ਆ ਕੇ ਕਾਪੇ ਨਾਲ ਉਸ ਦੇ ਚਿਹਰੇ 'ਤੇ ਤਾਬੜਤੋੜ ਵਾਰ ਕਰ ਦਿੱਤੇ | ਰੌਲਾ ਸੁਣ ਕੇ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੇ ਹਿੰਮਤ ਦਿਖਾਉਂਦੇ ਹੋਏ ਮੁਲਜ਼ਮ ਨੂੰ ਮੌਕੇ 'ਤੇ ਹੀ ਦਬੋਚ ਲਿਆ | ਗ਼ੁੱਸੇ ਵਿਚ ਆਏ ਲੋਕਾਂ ਨੇ ਮੁਲਜ਼ਮ ਦੀ ਜੰਮ ਕੇ ਛਿੱਤਰ ਪਰੇਡ ਵੀ ਕੀਤੀ | ਜ਼ਖ਼ਮੀ ਮਹਿਲਾ ਨੂੰ ਤੁਰੰਤ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਉੱਚ ਸੈਂਟਰ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਹੈ | ਸੂਚਨਾ ਮਿਲਦੇ ਹੀ 112 ਹੈਲਪ ਲਾਈਨ ਅਤੇ ਸਦਰ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ |