ਅਬੋਹਰ, 8 ਅਪ੍ਰੈਲ (ਵਿਵੇਕ ਹੂੜੀਆ)-ਅਬੋਹਰ ਦੇ ਮੇਜਰ ਸੁਰਿੰਦਰ ਚੌਕ ਤੋਂ ਐੱਸ.ਡੀ.ਐੱਮ. ਨਿਵਾਸ ਦੇ ਬਾਹਰ ਹਾਲ ਹੀ ਵਿਚ ਬਣਾਈ ਗਈ ਸੜਕ ਨੇ ਪੰਜਾਬ ਸਰਕਾਰ ਦੇ ਵਿਕਾਸ ਅਤੇ ਪਾਰਦਰਸ਼ਤਾ ਦੇ ਦਾਅਵਿਆਂ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ | ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਸੜਕ ਮਹਿਜ਼ ਦੋ ਦਿਨਾਂ ਵਿਚ ਹੀ ਟੁੱਟ ਕੇ ਖਿੱਲਰ ਗਈ ਹੈ, ਜਿਸ ਤੋਂ ਬਾਅਦ ਸਥਾਨਕ ਰਾਜਨੀਤੀ ਵਿਚ ਭੂਚਾਲ ਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਜਦੋਂ ਭਾਰੀ ਬਾਰਸ਼ ਹੋ ਰਹੀ ਸੀ, ਉਸੇ ਦੌਰਾਨ ਹੀ ਇਸ ਸੜਕ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਗਿਆ ਸੀ | ਮੇਅਰ ਵੱਲੋਂ ਕੰਮ ਰੋਕਣ ਦੀਆਂ ਹਦਾਇਤਾਂ ਦੇ ਬਾਵਜੂਦ ਅਧਿਕਾਰੀਆਂ ਅਤੇ ਠੇਕੇਦਾਰ ਨੇ ਮਨਮਾਨੀ ਕਰਦਿਆਂ ਕੰਮ ਜਾਰੀ ਰੱਖਿਆ | ਨਤੀਜਾ ਇਹ ਨਿਕਲਿਆ ਕਿ ਪਹਿਲੀ ਬਾਰਸ਼ ਨੇ ਹੀ ਸੜਕ ਦੀ ਗੁਣਵੱਤਾ ਦੀ ਪੋਲ ਖੋਲ੍ਹ ਦਿੱਤੀ | ਸੜਕ ਦੀ ਬਦਹਾਲੀ ਦੀ ਖ਼ਬਰ ਮਿਲਦਿਆਂ ਹੀ ਵਿਧਾਇਕ ਸੰਦੀਪ ਜਾਖੜ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਘਟੀਆ ਨਿਰਮਾਣ ਸਮਗਰੀ ਦੇਖ ਕੇ ਗਹਿਰੇ ਰੋਸ ਦਾ ਪ੍ਰਗਟਾਵਾ ਕੀਤਾ | ਮੁੱਖ ਮੰਤਰੀ ਭਗਵੰਤ ਮਾਨ 'ਤੇ ਤੰਜ ਕਸਦਿਆਂ ਜਾਖੜ ਨੇ ਕਿਹਾ, ਮੁੱਖ ਮੰਤਰੀ ਜੀ ਅਕਸਰ ਕਹਿੰਦੇ ਸਨ ਕਿ ਪਿਛਲੀਆਂ ਸਰਕਾਰਾਂ 'ਥੁੱਕ' ਲਗਾ ਕੇ ਸੜਕਾਂ ਬਣਾਉਂਦੀਆਂ ਸਨ, ਪਰ ਹੁਣ ਅਬੋਹਰ ਵਿਚ ਜੋ ਹੋ ਰਿਹਾ ਹੈ, ਉਸ ਬਾਰੇ ਉਹ ਕੀ ਕਹਿਣਗੇ? ਕੀ ਇੱਥੇ ਲੁੱਕ ਵਰਤੀ ਗਈ ਹੈ ਜਾਂ ਥੁੱਕ? ਵਿਧਾਇਕ ਨੇ ਕਿਹਾ ਕਿ ਜਨਤਾ ਦੇ ਟੈਕਸ ਦੇ ਪੈਸੇ ਦੀ ਇਸ ਤਰ੍ਹਾਂ ਬਰਬਾਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਐਲਾਨ ਕੀਤਾ ਕਿ ਉਹ ਇਸ ਭਿ੍ਸ਼ਟਾਚਾਰ ਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਕਰਨਗੇ ਅਤੇ ਦੋਸ਼ੀ ਅਧਿਕਾਰੀਆਂ ਤੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨਗੇ | ਇਸ ਮੌਕੇ ਉਨ੍ਹਾਂ ਨਾਲ ਕਈ ਸਾਬਕਾ ਕੌਂਸਲਰ ਅਤੇ ਭਾਜਪਾ ਵਰਕਰ ਵੀ ਮੌਜੂਦ ਸਨ |