ਫ਼ਾਜ਼ਿਲਕਾ, 8 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫਾਜ਼ਿਲਕਾ-ਅਬੋਹਰ ਹਾਈਵੇਅ 'ਤੇ ਸਥਿਤ ਇਕ ਰੈਸਟੋਰੈਂਟ ਦੇ ਬਾਹਰ ਵਾਪਰੇ ਸੜਕ ਹਾਦਸੇ ਵਿਚ ਇਕ ਆਟੋ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਫਾਰਚਿਊਨਰ ਗੱਡੀ ਦਾ ਭਾਰੀ ਨੁਕਸਾਨ ਹੋ ਗਿਆ | ਹਾਦਸੇ ਤੋਂ ਬਾਅਦ ਜ਼ਖ਼ਮੀ ਆਟੋ ਚਾਲਕ ਨੂੰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਜ਼ਖ਼ਮੀ ਆਟੋ ਚਾਲਕ ਚੰਨਾ ਸਿੰਘ ਜੋ ਕਿ ਇਕ ਨਿੱਜੀ ਗੈੱਸ ਏਜੰਸੀ ਵਿਚ ਕੰਮ ਕਰਦਾ ਹੈ, ਨੇ ਦੱਸਿਆ ਕਿ ਉਹ ਅਬੋਹਰ ਸਾਈਡ ਤੋਂ ਗੋਦਾਮ ਤੋਂ ਵਾਪਸ ਫ਼ਾਜ਼ਿਲਕਾ ਆ ਰਿਹਾ ਸੀ | ਜਦੋਂ ਉਹ ਰੈਸਟੋਰੈਂਟ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਇਕ ਮੋਟਰਸਾਈਕਲ ਉਸ ਦੇ ਆਟੋ ਅੱਗੇ ਆ ਗਿਆ | ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਉਸ ਦਾ ਆਟੋ ਬੇਕਾਬੂ ਹੋ ਗਿਆ ਅਤੇ ਰੈਸਟੋਰੈਂਟ ਦੇ ਬਾਹਰ ਖੜ੍ਹੀ ਫਾਰਚਿਊਨਰ ਗੱਡੀ ਨਾਲ ਜਾ ਟਕਰਾਇਆ | ਚੰਨਾ ਸਿੰਘ ਅਨੁਸਾਰ ਗੱਡੀ ਗ਼ਲਤ ਸਾਈਡ ਖੜ੍ਹੀ ਸੀ | ਇਸ ਹਾਦਸੇ ਵਿਚ ਉਸ ਦੀ ਇਕ ਲੱਤ ਟੁੱਟ ਗਈ ਹੈ | ਦੂਜੇ ਪਾਸੇ ਫਾਰਚਿਊਨਰ ਸਵਾਰ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਾਣਜੇ ਨਾਲ ਰੈਸਟੋਰੈਂਟ ਵਿਚ ਪੀਜ਼ਾ ਖਾਣ ਲਈ ਆਇਆ ਸੀ | ਉਨ੍ਹਾਂ ਨੇ ਆਪਣੀ ਗੱਡੀ ਬਾਹਰ ਪਾਰਕ ਕੀਤੀ ਹੋਈ ਸੀ ਕਿ ਅਚਾਨਕ ਤੇਜ਼ ਰਫ਼ਤਾਰ ਆਟੋ ਨੇ ਉਸ ਵਿਚ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਕਰਮਚਾਰੀ ਰੂਬੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ |