ਫ਼ਾਜ਼ਿਲਕਾ, 8 ਅਪ੍ਰੈਲ (ਦਵਿੰਦਰ ਪਾਲ ਸਿੰਘ)-ਨੌਜਵਾਨ ਭਾਰਤ ਸਭਾ ਵਲੋਂ 'ਅਸੈਂਬਲੀ ਬੰਬ ਕਾਂਡ' ਦਿਹਾੜੇ ਨੂੰ ਸਮਰਪਿਤ ਫ਼ਾਜ਼ਿਲਕਾ ਜ਼ਿਲ੍ਹੇ ਦਾ ਵਿਸ਼ੇਸ਼ ਇਜਲਾਸ ਕਰਵਾਇਆ ਗਿਆ | ਜਿਸ ਵਿਚ 27 ਪਿੰਡਾਂ ਦੇ ਨੌਜਵਾਨਾਂ ਨੇ ਡੈਲੀਗੇਟ ਵਜੋਂ ਸ਼ਮੂਲੀਅਤ ਕੀਤੀ | ਇਸ ਮੌਕੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਅਤੇ ਨੌਜਵਾਨਾਂ ਨੂੰ ਮੌਜੂਦਾ ਚੁਨੌਤੀਆਂ ਵਿਰੁੱਧ ਜਥੇਬੰਦ ਕਰਨ ਲਈ ਵਿਚਾਰ-ਚਰਚਾ ਕੀਤੀ ਗਈ ਅਤੇ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ | ਇਜਲਾਸ ਵਿਚ ਬਤੌਰ ਅਬਜ਼ਰਵਰ ਪਹੁੰਚੇ ਸੂਬਾ ਪ੍ਰਧਾਨ ਮੰਗਾ ਆਜ਼ਾਦ ਨੇ ਕਿਹਾ ਕਿ ਅੱਜ ਦੇ ਪੂੰਜੀਵਾਦੀ ਪ੍ਰਬੰਧ ਵਿਚ ਨੌਜਵਾਨੀ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਹੀ ਹੈ | ਉਨ੍ਹਾਂ ਵਿਸ਼ਵ ਪੱਧਰੀ ਸਥਿਤੀਆਂ 'ਤੇ ਚਰਚਾ ਕਰਦਿਆਂ ਨੌਜਵਾਨਾਂ ਨੂੰ ਆਪਣੇ ਹੱਕਾਂ ਅਤੇ ਦੇਸ਼ ਦੀ ਪ੍ਰਭੂ ਸੱਤਾ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ | ਆਗੂਆਂ ਨੇ ਚਿੰਤਾ ਪ੍ਰਗਟਾਈ ਕਿ ਰੁਜ਼ਗਾਰ ਦੀ ਘਾਟ ਕਾਰਨ ਨੌਜਵਾਨੀ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ ਜਾਂ ਨਸ਼ਿਆਂ ਦੇ ਦਲਦਲ ਵਿਚ ਫਸ ਰਹੀ ਹੈ, ਜਿਸ ਨੂੰ ਰੋਕਣ ਲਈ ਸੰਘਰਸ਼ ਹੀ ਇੱਕੋ-ਇੱਕ ਰਾਹ ਹੈ | ਸਾਰਿਆਂ ਦੀ ਸਹਿਮਤੀ ਨਾਲ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਜਿਸ ਵਿਚ ਰਾਜਨ ਮੁਹਾਰ ਸੋਨਾ ਨੂੰ ਪ੍ਰਧਾਨ, ਰਮਨ ਨੂੰ ਮੀਤ ਪ੍ਰਧਾਨ, ਸਤਨਾਮੀ ਭਵਾਨੀ ਨੂੰ ਸਕੱਤਰ, ਸੁਲਤਾਨ ਸਿੰਘ ਨੂੰ ਖ਼ਜ਼ਾਨਚੀ, ਜਸਪ੍ਰੀਤ ਘੂਰੀ ਨੂੰ ਪੈੱ੍ਰਸ ਸਕੱਤਰ ਬਣਾਇਆ ਗਿਆ | ਰਾਜਪ੍ਰੀਤ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਅਤੇ ਧਰਮਪ੍ਰੀਤ ਸਿੰਘ ਨੂੰ ਕਮੇਟੀ ਮੈਂਬਰ ਬਣਾਇਆ ਗਿਆ ਅਤੇ ਦੋ ਸੀਟਾਂ ਖ਼ਾਲੀ ਰੱਖੀਆਂ ਗਈਆਂ ਹਨ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਡਾ.ਸੁਖਚੈਨ ਚੱਕ ਸੈਦੋ ਕੇ, ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਮਹਿੰਦਰ ਕੌੜਿਆਂ ਵਾਲੀ ਅਤੇ ਪੀ.ਐੱਸ.ਯੂ.ਦੇ ਧੀਰਜ ਫ਼ਾਜ਼ਿਲਕਾ ਨੇ ਭਰਾਤਰੀ ਸੰਦੇਸ਼ ਦਿੰਦਿਆਂ ਨਵੀਂ ਟੀਮ ਨੂੰ ਵਧਾਈ ਦਿੱਤੀ |