ਅਬੋਹਰ, 8 ਅਪ੍ਰੈਲ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਨੌਜਵਾਨ ਅਤੇ ਇਕ ਔਰਤ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹੌਲਦਾਰ ਸਵਰਾਜ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਸੀਡ ਫਾਰਮ ਨੇੜੇ ਭਾਰਤ ਮਾਲਾ ਸੜਕ ਉੱਪਰ ਬਣੇ ਓਵਰ ਬਿ੍ਜ ਨੇੜੇ ਗਸ਼ਤ ਉੱਪਰ ਜਾ ਰਹੇ ਸਨ | ਇਸ ਦੌਰਾਨ ਇਕ ਨੌਜਵਾਨ ਅਤੇ ਇਕ ਔਰਤ ਆ ਰਹੇ ਸਨ | ਜੋ ਕਿ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ | ਜਦੋਂ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 10 ਗਰਾਮ ਹੈਰੋਇਨ ਬਰਾਮਦ ਹੋਈ | ਗਿ੍ਫ਼ਤਾਰ ਕੀਤੇ ਨੌਜਵਾਨ ਦੀ ਪਹਿਚਾਣ ਸੰਜੀਵ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਸੀਡ ਫਾਰਮ ਪੱਕਾ ਅਤੇ ਔਰਤ ਦੀ ਪਹਿਚਾਣ ਨੀਤੂ ਪਤਨੀ ਸ਼ੇਰ ਸਿੰਘ ਵਾਸੀ ਸਥਾਨਕ ਪੰਜਪੀਰ ਨਗਰ ਵਜੋਂ ਹੋਈ | ਨਗਰ ਥਾਣਾ ਇਕ ਦੀ ਪੁਲਿਸ ਵਲੋਂ ਉਕਤ ਨੌਜਵਾਨ ਅਤੇ ਔਰਤ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ |