ਫ਼ਾਜ਼ਿਲਕਾ, 8 ਅਪ੍ਰੈਲ (ਅਮਰਜੀਤ ਸ਼ਰਮਾ)-ਸਥਾਨਕ ਐੱਮ.ਆਰ.ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਸਚਿਨ ਕਾਲੜਾ ਦੀ ਅਗਵਾਈ ਅਤੇ ਕਾਲਜ ਇੰਚਾਰਜ ਗੁਰਮਿੰਦਰ ਕੌਰ ਦੇ ਸਹਿਯੋਗ ਨਾਲ ਬੀ.ਏ.ਭਾਗ ਤੀਜਾ ਦੇ ਵਿਦਿਆਰਥੀਆਂ ਦੇ ਅਕਾਦਮਿਕ ਸਫ਼ਰ ਪੂਰਾ ਹੋਣ ਦੀ ਖ਼ੁਸ਼ੀ ਵਿਚ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਬੀ.ਏ. ਭਾਗ ਦੂਜਾ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਸਾਥੀਆਂ ਨੂੰ ਨਿੱਘੀ ਵਿਦਾਇਗੀ ਦਿੱਤੀ | ਸਮਾਗਮ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੀਆਂ ਕਲਾਤਮਕ ਪੇਸ਼ਕਾਰੀਆਂ ਨਾਲ ਖ਼ੂਬ ਸਮਾਂ ਬੰਨਿ੍ਹਆ | ਪੰਜਾਬੀ ਦੇ ਪ੍ਰੋਫ਼ੈਸਰ ਅਤੇ ਸ਼ਾਇਰ ਜਗਮੀਤ ਹਰਫ਼ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਮਾਹੌਲ ਨੂੰ ਸਾਹਿੱਤਿਕ ਰੰਗ ਦਿੱਤਾ ਜਦਕਿ ਕਰਮਚਾਰੀ ਮਨੀਸ਼ ਨੇ ਆਪਣੀ ਸ਼ਾਇਰੀ ਨਾਲ ਸਭ ਦਾ ਮਨ ਮੋਹ ਲਿਆ | ਐੱਮ.ਏ.ਦੀ ਵਿਦਿਆਰਥਣ ਕਰਮਪਾਲ ਦੇ ਉਦਾਸ ਗੀਤਾਂ ਨੇ ਮਾਹੌਲ ਵਿਚ ਸੰਜੀਦਗੀ ਭਰੀ | ਵਿਦਿਆਰਥੀਆਂ ਦੀ ਪੁਰਜ਼ੋਰ ਫ਼ਰਮਾਇਸ਼ 'ਤੇ ਪ੍ਰੋਫ਼ੈਸਰ ਰੇਣੂ ਬਾਲਾ ਅਤੇ ਪ੍ਰੋਫ਼ੈਸਰ ਰਿਤੂ ਅਗਰਵਾਲ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ | ਸਮਾਗਮ ਦੌਰਾਨ ਕਰਵਾਏ ਗਏ ਰੋਚਕ ਪ੍ਰਤਿਭਾ ਖੋਜ ਮੁਕਾਬਲੇ ਵਿਚ ਵਿਦਿਆਰਥੀਆਂ ਤੋਂ ਸਮਾਜਿਕ ਸਰੋਕਾਰਾਂ ਨਾਲ ਜੁੜੇ ਸਵਾਲ ਪੁੱਛੇ ਗਏ | ਇਸ ਮੁਕਾਬਲੇ ਵਿਚ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਮਨੀਸ਼ ਕੰਬੋਜ ਅਤੇ ਚਾਂਦਨੀ ਨੂੰ 'ਸਮਾਰੋਹੀ ਸ਼ਖ਼ਸੀਅਤ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ | ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਅਤੇ ਸਟਾਫ਼ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ | ਕਾਲਜ ਇੰਚਾਰਜ ਗੁਰਮਿੰਦਰ ਕੌਰ ਨੇ ਭਾਵੁਕ ਸ਼ਬਦਾਂ ਵਿਚ ਵਿਦਿਆਰਥੀਆਂ ਨੂੰ ਅਲਵਿਦਾ ਕਹਿੰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨੂੰ ਹਮੇਸ਼ਾ ਕਾਲਜ ਦੀਆਂ ਯਾਦਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਪ੍ਰੋਫ਼ੈਸਰ ਸਾਹਿਬਾਨ ਅਤੇ ਦਫ਼ਤਰੀ ਅਮਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸੀ |