ਮੰਡੀ ਲਾਧੂਕਾ, 8 ਅਪ੍ਰੈਲ (ਰਾਕੇਸ਼ ਛਾਬੜਾ)-ਪੰਜਾਬ ਸਰਕਾਰ ਵਲੋਂ ਆਪਣੇ ਕਾਰਜਕਾਲ ਦੇ ਅਖੀਰਲੇ ਸਾਲ ਜਨਰਲ ਵਰਗ ਦੀਆਂ ਮਹਿਲਾਵਾਂ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਲਈ 1500 ਰੁਪਏ ਪ੍ਰਤੀ ਮਹੀਨਾ ਦੇਣ ਲਈ ਐਲਾਨੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਜਾਤੀ ਸਰਟੀਫਿਕੇਟ ਬਣਵਾਉਣ ਲਈ ਸੇਵਾ ਕੇਂਦਰਾਂ ਦੇ ਬਾਹਰ ਮਹਿਲਾਵਾਂ ਦੀਆਂ ਲੰਮੀਆਂ ਕਤਾਰਾਂ ਲੱਗਣ ਲੱਗ ਪਈਆਂ ਹਨ | ਮੰਡੀ ਦੇ ਸੇਵਾ ਕੇਂਦਰ ਵਿਚ ਟੋਕਨ ਵੰਡ ਪ੍ਰਕ੍ਰਿਆ ਸਵੇਰੇ 9 ਵਜੇ ਸ਼ੁਰੂ ਹੁੰਦੀ ਹੈ, ਪਰ ਔਰਤਾਂ ਸਵੇਰੇ 7 ਵਜੇ ਤੋਂ ਹੀ ਆ ਕੇ ਕਤਾਰਾਂ ਵਿਚ ਲੱਗ ਜਾਂਦੀਆਂ ਹਨ | ਪੰਜਾਬ ਸਰਕਾਰ ਵਲੋਂ ਇਸ ਯੋਜਨਾ ਦੇ ਤਹਿਤ ਜਾਰੀ ਕੀਤੀ ਗਏ ਨੋਟੀਫ਼ਿਕੇਸ਼ਨ ਤਹਿਤ ਐੱਸ ਸੀ ਵਰਗ ਦੀਆਂ ਔਰਤਾਂ ਲਈ ਜਾਤੀ ਸਰਟੀਫਿਕੇਟ ਨੱਥੀ ਕਰਨਾ ਲਾਜ਼ਮੀ ਹੈ | ਇਸ ਸਕੀਮ ਦੀ ਰਜਿਸਟੇ੍ਰਸ਼ਨ 13 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ | ਜਾਣਕਾਰੀ ਦੇ ਅਨੁਸਾਰ ਮੰਡੀ ਦੇ ਸੇਵਾ ਕੇਂਦਰ ਵਿਚ ਰੋਜ਼ਾਨਾ 60 ਤੋਂ 70 ਔਰਤਾਂ ਆਪਣਾ ਜਾਤੀ ਸਰਟੀਫਿਕੇਟ ਬਣਵਾਉਣ ਲਈ ਪਹੁੰਚ ਰਹੀਆਂ ਹਨ | ਸੇਵਾ ਕੇਂਦਰ ਵਿਚ ਜਾਤ ਸਰਟੀਫਿਕੇਟ ਬਣਵਾਉਣ ਲਈ ਫ਼ੀਸ 70 ਰੁਪਏ ਮੁਕੱਰਰ ਕੀਤੀ ਗਈ ਹੈ , ਜਿਸ ਨੂੰ ਬਣਾਉਣ ਲਈ 15 ਤੋਂ 20 ਦਿਨ ਦਾ ਸਮਾਂ ਲੱਗ ਜਾਂਦਾ ਹੈ | ਸੇਵਾ ਕੇਂਦਰਾਂ ਤੇ ਇਕ ਦਮ ਵਧੀ ਭੀੜ ਦੇ ਕਾਰਨ ਹੋਰ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਦੀ ਮੰਗ ਹੈ ਪਿੰਡ ਪੱਧਰ 'ਤੇ ਕੈਂਪ ਲਗਾ ਕੇ ਜਾਤ ਦੇ ਸਰਟੀਫਿਕੇਟ ਬਣਾਏ ਜਾਣ ਜਾਂ ਫਿਰ ਸੇਵਾ ਕੇਂਦਰਾਂ ਵਿਚ ਸਟਾਫ਼ ਦੀ ਗਿਣਤੀ ਵਧਾਈ ਜਾਵੇ |