ਫ਼ਾਜ਼ਿਲਕਾ, 11 ਅਪ੍ਰੈਲ (ਅਮਰਜੀਤ ਸ਼ਰਮਾ)-ਸਥਾਨਕ ਸਤਸੰਗ ਐਲੀਮੈਂਟਰੀ ਪ੍ਰਾਇਮਰੀ ਸਕੂਲ ਫ਼ਾਜ਼ਿਲਕਾ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਮੌਕੇ ਹਵਨ ਯੱਗ ਕਰਵਾਇਆ ਗਿਆ | ਇਹ ਧਾਰਮਿਕ ਰਸਮ ਮਾਤਾ ਬਗਲਾ ਮੁਖੀ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਰਾਜੀਵ ਸ਼ਰਮਾ ਵਲੋਂ ਵਿਧੀਵਤ ਢੰਗ ਨਾਲ ਸੰਪੰਨ ਕਰਵਾਈ ਗਈ | ਇਸ ਮੌਕੇ ਸਾਲ 2025-26 ਦੇ ਸਾਲਾਨਾ ਨਤੀਜਿਆਂ ਵਿਚ ਪਹਿਲੇ ਤਿੰਨ ਸਥਾਨਾਂ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਕੂਲ ਦੀ ਵਿਦਿਆਰਥਣ ਸਨੇਹਾ ਨੂੰ 'ਸਟੂਡੈਂਟ ਆਫ਼ ਦਾ ਈਅਰ' ਚੁਣਿਆ ਗਿਆ ਅਤੇ ਵਿਸ਼ੇਸ਼ ਤੋਹਫ਼ਾ ਦੇ ਕੇ ਨਿਵਾਜਿਆ ਗਿਆ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਿੰਦਰ ਅਹੂਜਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਸਕੂਲ ਮੁੱਖ ਅਧਿਆਪਕ ਸੰਜੀਵ ਕੁਮਾਰ ਗਰੋਵਰ ਨੇ ਮਾਪਿਆਂ ਨੂੰ ਸਕੂਲ ਦੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਅਤੇ ਨਵੇਂ ਦਾਖ਼ਲਿਆਂ ਲਈ ਪ੍ਰੇਰਿਤ ਕੀਤਾ | ਸਟੇਜ ਦਾ ਸੰਚਾਲਨ ਅਧਿਆਪਕਾ ਰਜਨੀ ਵਲੋਂ ਕੀਤਾ ਗਿਆ | ਇਸ ਮੌਕੇ ਅਸ਼ੋਕ ਵਾਟਸ, ਰਵੀ ਭੂਸ਼ਨ ਡੋਡਾ, ਹਰਬੰਸ ਲਾਲ ਗਰੋਵਰ, ਸਤੀਸ਼ ਸਚਦੇਵਾ, ਡਾ.ਅਨਮੋਲ ਗਰੋਵਰ, ਵੀਨਾ ਰਾਣੀ, ਸੰਦੀਪ ਗਿਲਹੋਤਰਾ ਅਤੇ ਸ਼ਵਲੀ ਦੀਵਾਨ ਸਮੇਤ ਸਮੂਹ ਸਟਾਫ਼ ਹਾਜ਼ਰ ਸੀ | ਪ੍ਰੋਗਰਾਮ ਦੇ ਅੰਤ ਵਿਚ ਲੰਗਰ ਪ੍ਰਸ਼ਾਦ ਵਰਤਾਇਆ ਗਿਆ |