ਫ਼ਾਜ਼ਿਲਕਾ, 11 ਅਪ੍ਰੈਲ (ਦਵਿੰਦਰ ਪਾਲ ਸਿੰਘ)-ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਕੂਲਾਂ ਵਿਚ ਅਧਿਆਪਕਾਂ ਦੀ ਹਾਜ਼ਰੀ ਲਈ ਲਾਗੂ ਕੀਤੀ ਗਈ ਨਵੀਂ 'ਐਮ-ਸਟਾਰ' ਐਪ ਨੂੰ ਅਧਿਆਪਕਾਂ ਲਈ ਵੱਡੀ ਮੁਸੀਬਤ ਕਰਾਰ ਦਿੱਤਾ ਹੈ | ਯੂਨੀਅਨ ਦੇ ਆਗੂਆਂ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਇਸ ਐਪ ਨੂੰ ਤੁਰੰਤ ਬੰਦ ਕੀਤਾ ਜਾਵੇ | ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਪ੍ਰਸਤ ਧਰਮਿੰਦਰ ਗੁਪਤਾ, ਸੂਬਾ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਅਤੇ ਹੋਰ ਸੀਨੀਅਰ ਅਹੁਦੇਦਾਰਾਂ ਨੇ ਸਾਂਝੇ ਤੌਰ 'ਤੇ ਇਸ ਮੁੱਦੇ ਨੂੰ ਉਠਾਇਆ ਹੈ | ਉਨ੍ਹਾਂ ਕਿਹਾ ਕਿ ਨਵੇਂ ਦਾਖ਼ਲਿਆਂ ਦੇ ਰੁਝੇਵਿਆਂ ਦੌਰਾਨ ਲਾਗੂ ਕੀਤੀ ਗਈ ਇਹ ਐਪ ਬੇਹੱਦ ਸੁਸਤ ਚੱਲਦੀ ਹੈ ਅਤੇ ਇਸ ਦਾ ਸਰਵਰ ਅਕਸਰ ਡਾਊਨ ਰਹਿੰਦਾ ਹੈ | ਯੂਨੀਅਨ ਆਗੂਆਂ ਅਨੁਸਾਰ ਅਧਿਆਪਕਾਂ ਨੂੰ ਰੋਜ਼ਾਨਾ ਹਾਜ਼ਰੀ ਲਗਾਉਣ ਲਈ ਸਵੇਰੇ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈਂਦਾ ਹੈ | ਤਕਨੀਕੀ ਖ਼ਾਮੀਆਂ ਕਾਰਨ ਅਧਿਆਪਕਾਂ ਦਾ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ, ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਅਤੇ ਨਵੇਂ ਦਾਖ਼ਲਿਆਂ ਦੀ ਪ੍ਰਕਿਰਿਆ 'ਤੇ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ 'ਸਿੱਖਿਆ ਕ੍ਰਾਂਤੀ' ਲਿਆਉਣਾ ਚਾਹੁੰਦੀ ਹੈ, ਤਾਂ ਪਹਿਲਾਂ ਆਪਣੇ ਤਕਨੀਕੀ ਸਿਸਟਮ ਨੂੰ ਦਰੁਸਤ ਕਰੇ | ਸਰਕਾਰ ਦੀ ਆਲੋਚਨਾ ਕਰਦਿਆਂ ਆਗੂਆਂ ਨੇ ਕਿਹਾ ਕਿ ਅਧਿਆਪਕ ਪਹਿਲਾਂ ਹੀ ਗ਼ੈਰ-ਅਕਾਦਮਿਕ ਡਿਊਟੀਆਂ ਕਾਰਨ ਮਾਨਸਿਕ ਤਣਾਅ ਵਿਚ ਹਨ | ਯੂਨੀਅਨ ਨੇ ਮੰਗ ਕੀਤੀ ਕਿ ਅਧਿਆਪਕਾਂ ਨੂੰ ਇਨ੍ਹਾਂ ਵਾਧੂ ਕੰਮਾਂ ਤੋਂ ਮੁਕਤ ਕਰਕੇ ਉਨ੍ਹਾਂ ਨੂੰ ਪੂਰੀ ਇਮਾਨਦਾਰੀ ਨਾਲ ਸਿਰਫ਼ ਪੜ੍ਹਾਉਣ ਦਾ ਕੰਮ ਕਰਨ ਦਿੱਤਾ ਜਾਵੇ | ਇਸ ਮੌਕੇ ਮਨਜਿੰਦਰ ਸਿੰਘ ਢਿੱਲੋਂ, ਮਨਜਿੰਦਰ ਸਿੰਘ ਲਾਲਪੁਰ, ਦਲਜੀਤ ਸਿੰਘ ਸਭਰਵਾਲ, ਹਰਮਿੰਦਰ ਸਿੰਘ ਉੱਪਲ, ਜੁਗਰਾਜ ਸਿੰਘ, ਜਗਰੂਪ ਕੌਰ, ਰਾਜਪਾਲ ਸਿੰਘ ਬੰਡਾਲਾ, ਸ਼ਮਸ਼ੇਰ ਸਿੰਘ ਮੋਗਾ, ਹਰਬੰਸ ਲਾਲ, ਧਰਮਿੰਦਰ ਸਿੰਘ ਅਤੇ ਹੋਰ ਅਧਿਆਪਕ ਆਗੂ ਹਾਜ਼ਰ ਸਨ |