ਫ਼ਾਜ਼ਿਲਕਾ, 11 ਅਪ੍ਰੈਲ (ਦਵਿੰਦਰ ਪਾਲ ਸਿੰਘ)-ਆਫ਼ੀਸਰ ਐਸੋਸੀਏਸ਼ਨ ਫ਼ਾਜ਼ਿਲਕਾ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਇੰਜੀ.ਨਰੇਸ਼ ਜੁਨੇਜਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਮਾਜ ਸੇਵਾ ਦੇ ਖੇਤਰ 'ਚ ਵੱਡੇ ਫ਼ੈਸਲੇ ਲਏ ਗਏ | ਮੀਟਿੰਗ ਦੌਰਾਨ ਚੇਅਰਮੈਨ ਹੰਸਰਾਜ ਸ਼ਰਮਾ ਅਤੇ ਜਨਰਲ ਸਕੱਤਰ ਇੰਜੀ.ਰਮੇਸ਼ ਗੁੰਬਰ ਸਮੇਤ ਸਮੂਹ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਮੁਫ਼ਤ ਅੱਖਾਂ ਦੀ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ | ਪ੍ਰਧਾਨ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਨੂੰ ਅੱਖਾਂ ਦੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਉਣਾ ਹੈ | ਇਸ ਪਹਿਲ ਦੀ ਖ਼ਾਸੀਅਤ ਇਹ ਹੈ ਕਿ ਕੈਂਪ ਦਾ ਸਾਰਾ ਖ਼ਰਚਾ ਰਿਟਾਇਰਡ ਅਧਿਕਾਰੀ ਆਪਣੇ ਕੋਲੋਂ ਸਾਂਝੇ ਤੌਰ 'ਤੇ ਵਹਿਣ ਕਰਨਗੇ | ਕੈਂਪ ਵਿਚ ਮਾਹਿਰ ਡਾਕਟਰਾਂ ਵਲੋਂ ਜਾਂਚ ਕੀਤੀ ਜਾਵੇਗੀ ਅਤੇ ਲੋੜਵੰਦਾਂ ਦੇ ਮੁਫ਼ਤ ਆਪ੍ਰੇਸ਼ਨ ਵੀ ਕਰਵਾਏ ਜਾਣਗੇ | ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਕਿ ਗੁਰੂ ਨਾਨਕ ਸਿੱਖ ਕੰਨਿਆ ਪਾਠਸ਼ਾਲਾ ਦੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਐੱਸ.ਡੀ.ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ ਜਾਣਗੇ | ਇਸ ਤੋਂ ਇਲਾਵਾ ਸ੍ਰੀ ਬਾਲਾ ਜੀ ਧਾਮ ਦੀ ਚੈਰੀਟੇਬਲ ਲੈਬ ਵਿਚ ਬਲੱਡ ਸ਼ੂਗਰ ਅਤੇ ਬਲੱਡ ਯੂਰੀਆ ਦੀ ਜਾਂਚ ਲਈ ਵਿਸ਼ੇਸ਼ ਕੈਂਪ ਲਗਾਉਣ ਦਾ ਵੀ ਨਿਰਨਾ ਲਿਆ ਗਿਆ | ਇਸ ਮੌਕੇ ਅਪ੍ਰੈਲ ਮਹੀਨੇ ਵਿਚ ਜਨਮਦਿਨ ਵਾਲੇ ਮੈਂਬਰਾਂ ਵਿਨੋਦ ਭਵਾਨੀਆ, ਹਰਜਿੰਦਰ ਸਿੰਘ ਬਰਾੜ ਅਤੇ ਐੱਸ.ਡੀ.ਓ. ਸਰਬਜੀਤ ਸਿੰਘ ਢਿੱਲੋਂ ਦਾ ਜਨਮਦਿਨ ਕੇਕ ਕੱਟ ਕੇ ਅਤੇ ਹਾਰ ਪਾ ਕੇ ਮਨਾਇਆ ਗਿਆ | ਇਸ ਮੀਟਿੰਗ ਵਿਚ ਵਿੱਤ ਸਕੱਤਰ ਸੁਸ਼ੀਲ ਸ਼ਰਮਾ, ਇੰਜੀ. ਬਾਬੂ ਲਾਲ ਅਰੋੜਾ, ਡਾ.ਪ੍ਰਦੀਪ ਸੇਠੀ, ਭਾਰਤ ਭੂਸ਼ਨ ਗਰਗ, ਮਹਿੰਦਰ ਤਿ੍ਪਾਠੀ, ਇੰਜੀ. ਚਿਮਨ ਲਾਲ ਵਰਮਾ, ਐਡਵੋਕੇਟ ਰਮੇਸ਼ ਸ਼ਰਮਾ, ਇੰਜੀ.ਜੈ ਲਾਲ, ਵਿਜੇ ਦਾਬੜਾ, ਵਿਨੋਦ ਕੁਮਾਰ, ਐਨ.ਕੇ. ਖੰਨਾ ਅਤੇ ਪਰਮਜੀਤ ਖੇੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |