ਫ਼ਾਜ਼ਿਲਕਾ, 11 ਅਪ੍ਰੈਲ (ਦਵਿੰਦਰ ਪਾਲ ਸਿੰਘ)-ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਫ਼ਾਜ਼ਿਲਕਾ ਨੇ ਇਕ ਵਾਰ ਫਿਰ ਆਪਣੀ ਉੱਤਮ ਸਿੱਖਿਆ ਦੀ ਪਰੰਪਰਾ ਨੂੰ ਜਾਰੀ ਰੱਖਦਿਆਂ ਸ਼ਾਨਦਾਰ ਨਤੀਜੇ ਨਾਲ ਆਪਣਾ ਨਾਮ ਰੌਸ਼ਨ ਕੀਤਾ ਹੈ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਬੀ.ਐਡ ਸੈਸ਼ਨ 2024-26 ਦੇ ਤੀਜੇ ਸਮੈਸਟਰ ਦਾ ਨਤੀਜਾ 10 ਅਪ੍ਰੈਲ ਨੂੰ ਘੋਸ਼ਿਤ ਹੋਇਆ | ਜਿਸ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਕਾਮਯਾਬੀ ਦੇ ਨਵੇਂ ਮਾਪਦੰਡ ਸਥਾਪਿਤ ਕੀਤੇ | ਕਾਲਜ ਦੇ ਪਿ੍ੰਸੀਪਲ ਡਾ.ਅਨੁਰਾਗ ਅਸੀਜਾ ਨੇ ਮਾਣ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਵਿਦਿਆਰਥੀ ਸ਼ਾਨਦਾਰ ਅੰਕ ਪ੍ਰਾਪਤ ਕਰਦੇ ਹੋਏ ਪਹਿਲੇ ਦਰਜੇ ਵਿਚ ਪਾਸ ਹੋਏ ਹਨ | ਇਸ ਉਲੇਖਣਯੋਗ ਪ੍ਰਾਪਤੀ ਵਿਚ 300 ਅੰਕ ਵਿਚੋਂ 270 ਅੰਕ ਹਾਸਲ ਕਰਨ ਵਾਲੇ ਚਾਰ ਵਿਦਿਆਰਥੀਆਂ ਨੇ ਕਾਲਜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ 269 ਅੰਕ ਲੈਣ ਵਾਲੇ ਅੱਠ ਵਿਦਿਆਰਥੀਆਂ ਨੇ ਦੂਸਰਾ ਅਤੇ 268 ਅੰਕ ਪ੍ਰਾਪਤ ਕਰਨ ਵਾਲੇ ਨੌਂ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ | ਪਿ੍ੰਸੀਪਲ ਸਾਹਿਬ ਨੇ ਇਸ ਸ਼ਾਨਦਾਰ ਸਫਲਤਾ ਲਈ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਕਾਲਜ ਮੈਨੇਜਮੈਂਟ ਵਲੋਂ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਜਜ਼ਬੇ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |