ਅਬੋਹਰ, 13 ਅਪ੍ਰੈਲ (ਵਿਵੇਕ ਹੂੜੀਆ)- ਸਥਾਨਕ ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਜਲਿ੍ਹਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਯਾਦ ਵਿਚ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਉਲੀਕਿਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਦੇ ਸਭ ਤੋਂ ਦਰਦਨਾਕ ਅਤੇ ਅਹਿਮ ਅਧਿਆਇ ਤੋਂ ਜਾਣੂ ਕਰਵਾਉਣਾ ਸੀ | ਸਮਾਗਮ ਦੌਰਾਨ ਇੱਕ ਪ੍ਰਭਾਵਸ਼ਾਲੀ ਡਾਕੂਮੈਂਟਰੀ ਦਿਖਾਈ ਗਈ, ਜਿਸ ਵਿਚ 13 ਅਪ੍ਰੈਲ 1919 ਦੀ ਉਸ ਕਾਲੀ ਸ਼ਾਮ ਦੇ ਦਿ੍ਸ਼ਾਂ ਨੂੰ ਸਜੀਵ ਰੂਪ ਵਿਚ ਪੇਸ਼ ਕੀਤਾ ਗਿਆ | ਚੇਅਰਪਰਸਨ ਡਾ.ਸ਼ਕੁੰਤਲਾ ਮਿੱਢਾ ਨੇ ਆਪਣੇ ਸੰਬੋਧਨ ਵਿਚ ਜੱਲਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਕੁਰਬਾਨੀ 'ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਇਸ ਘਟਨਾ ਨੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਸੀ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ਡਾ.ਰਾਜਵੀਰ ਕੌਰ ਅਤੇ ਸਮੂਹ ਸਟਾਫ਼ ਨੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਨਮਨ ਕੀਤਾ | ਡਾਇਰੈਕਟਰ ਰਮਣੀਕ ਮਿੱਢਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ | ਸਮੁੱਚੇ ਪ੍ਰੋਗਰਾਮ ਦੀ ਅਗਵਾਈ ਸ਼੍ਰੀਮਤੀ ਪਿ੍ਅੰਕਾ ਵੱਲੋਂ ਬਾਖ਼ੂਬੀ ਕੀਤੀ ਗਈ | ਡਾਕੂਮੈਂਟਰੀ ਦੇਖਣ ਉਪਰੰਤ ਸਟਾਫ਼ ਮੈਂਬਰਾਂ ਵਿਚਾਲੇ ਇਤਿਹਾਸਕ ਤੱਥਾਂ 'ਤੇ ਵਿਚਾਰ-ਚਰਚਾ ਵੀ ਹੋਈ | ਇਸ ਮੌਕੇ ਤਨੂ ਕੁੱਕੜ, ਸਰੁਤੀ, ਰਜਨੀ ਬਾਲਾ, ਸੰਦੀਪ ਸਿੰਘ, ਦੀਪਕ ਸ਼ਰਮਾ, ਮੋਨਿਕਾ ਅਤੇ ਹੋਰ ਸਟਾਫ਼ ਹਾਜ਼ਰ ਸੀ |
ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਅਜੀਤ ਡੈਸਕ
14-04-2026