ਫ਼ਾਜ਼ਿਲਕਾ, 13 ਅਪ੍ਰੈਲ (ਦਵਿੰਦਰ ਪਾਲ ਸਿੰਘ)-ਭਾਰਤ ਵਿਕਾਸ ਪਰਿਸ਼ਦ ਫ਼ਾਜ਼ਿਲਕਾ ਸ਼ਾਖਾ ਵਲੋਂ ਸਾਲਾਨਾ ਸਹੁੰ ਚੁੱਕ ਅਤੇ ਪਰਿਵਾਰ ਮਿਲਣ ਸਮਾਗਮ ਦਾ ਆਯੋਜਨ ਧੂਮ-ਧਾਮ ਨਾਲ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਭਾਰਤ ਮਾਤਾ ਦੀ ਵੰਦਨਾ ਨਾਲ ਹੋਈ, ਜਿਸ ਉਪਰੰਤ ਬੱਚਿਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਅਤੇ ਮਹਿਲਾ ਮੈਂਬਰਾਂ ਵਲੋਂ ਭਜਨ ਗਾਇਣ ਕੀਤਾ ਗਿਆ | ਸਮਾਗਮ ਦੌਰਾਨ ਖੇਤਰੀ ਸਕੱਤਰ ਰਾਜ ਵਾਟਸ ਅਤੇ ਪ੍ਰਾਂਤਕ ਜਨਰਲ ਸਕੱਤਰ ਰਾਜਿੰਦਰ ਪੂਪਨੇਜਾ ਨੇ ਨਵੀਂ ਚੁਣੀ ਗਈ ਟੀਮ ਦੇ ਪ੍ਰਧਾਨ ਅਜੇ ਗੁਪਤਾ, ਸਕੱਤਰ ਅਸੀਮ ਮਿੱਤਲ ਅਤੇ ਖ਼ਜ਼ਾਨਚੀ ਰਾਘਵ ਸਚਦੇਵਾ ਨੂੰ ਉਨ੍ਹਾਂ ਦੇ ਅਹੁਦੇ ਦੀ ਸਹੁੰ ਚੁਕਾਈ | ਇਸ ਦੇ ਨਾਲ ਹੀ 10 ਨਵੇਂ ਮੈਂਬਰਾਂ ਨੇ ਵੀ ਸੰਸਥਾ ਦੀ ਮੈਂਬਰਸ਼ਿਪ ਦੀ ਸਹੁੰ ਲਈ | ਸਕੱਤਰ ਮਨੀਸ਼ ਡੋਡਾ ਨੇ ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਖ਼ਜ਼ਾਨਚੀ ਰਾਜਕੁਮਾਰ ਗਰਗ ਨੇ ਲੇਖਾ-ਜੋਖਾ ਸਾਂਝਾ ਕੀਤਾ | ਪ੍ਰਾਂਤਕ ਸਲਾਹਕਾਰ ਸ਼੍ਰੀ ਨਿਵਾਸ ਬਿਹਾਨੀ ਅਤੇ ਵਿਕਟਰ ਛਾਬੜਾ ਨੇ ਦੱਸਿਆ ਕਿ ਪਰਿਸ਼ਦ ਜਲਦੀ ਹੀ ਸ਼ਹਿਰ ਵਿਚ ਇਕ ਵਿਸ਼ੇਸ਼ ਮੈਡੀਕਲ ਕੈਂਪ ਲਗਾਉਣ ਜਾ ਰਹੀ ਹੈ | ਪ੍ਰਾਂਤਕ ਜਨਰਲ ਸਕੱਤਰ ਪੁਪਨੇਜਾ ਨੇ ਫ਼ਾਜ਼ਿਲਕਾ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸ਼ਾਖਾ ਪੂਰੇ ਪੰਜਾਬ ਵਿਚ ਬਿਹਤਰੀਨ ਕੰਮ ਕਰ ਰਹੀ ਹੈ | ਸਮਾਗਮ ਦੇ ਅੰਤ ਵਿਚ ਰਾਸ਼ਟਰੀ ਗਾਣ ਗਾਇਆ ਗਿਆ | ਇਸ ਮੌਕੇ ਸਾਬੂਆਣਾ, ਮਲੋਟ ਅਤੇ ਜਲਾਲਾਬਾਦ ਤੋਂ ਵੀ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ |