ਅਬੋਹਰ, 13 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਨੇ ਸਥਾਨਕ ਉਪ ਮੰਡਲ ਮੈਜਿਸਟਰੇਟ ਰਵਿੰਦਰ ਸਿੰਘ ਅਰੋੜਾ ਨੂੰ ਮਿਲ ਕੇ ਵੋਟਰ ਸੂਚੀਆਂ ਵਿਚ ਸੁਧਾਈ ਸੰਬੰਧੀ ਇਕ ਮੰਗ ਪੱਤਰ ਸੌਂਪਿਆ | ਵਫ਼ਦ ਦੀ ਅਗਵਾਈ ਸੀਨੀਅਰ ਅਕਾਲੀ ਆਗੂ ਹਰਚਰਨ ਸਿੰਘ ਪੱਪੂ, ਪਟੇਲ ਕੁਮਾਰ ਘੁਲਾ, ਸਾਹਿਲ ਛਾਬੜਾ, ਅਜੀਤਪਾਲ ਸਿੰਘ ਰਿੰਕੂ, ਅਤਿੰਦਰ ਪਾਲ ਸੰਨ੍ਹੀ,ਐਡਵੋਕੇਟ ਰਣਜੀਤ ਸਿੰਘ, ਕੁਲਦੀਪ ਕੁਮਾਰ ਦੀਪ ਕੰਬੋਜ ਨੇ ਕੀਤੀ | ਉਪਰੋਕਤ ਵਲੋਂ ਐਸ.ਡੀ.ਐਮ ਅਬੋਹਰ ਨੂੰ ਮੰਗ ਪੱਤਰ ਦਿੰਦੇ ਹੋਏ ਦੱਸਿਆ ਗਿਆ ਕਿ ਹਾਈਕੋਰਟ ਦੇ ਹੁਕਮਾਂ ਅਨੁਸਾਰ ਨਗਰ ਨਿਗਮ ਅਬੋਹਰ ਦੇ ਇਲੈੱਕਸ਼ਨ ਪੁਰਾਣੀ ਵਾਰਡਬੰਦੀ ਮੁਤਾਬਿਕ ਕਰਵਾਇਆ ਜਾਣਾ ਹੈ | ਜਿਸ ਨੂੰ ਸਾਲ 2021 ਦੀਆਂ ਬਣੀਆਂ ਵਾਰਡ ਵਾਈਜ਼ ਵੋਟਰ ਸੂਚੀਆਂ ਮੁਤਾਬਿਕ ਬਿਲਕੁਲ ਨਾ ਕਰਵਾਇਆ ਜਾਵੇ ਕਿਉਂ ਕਿ ਉਸ ਵਕਤ ਦੀਆਂ ਵੋਟਰ ਸੂਚੀਆਂ ਵਿਚ ਭਾਰੀ ਤਰੁੱਟੀਆਂ ਸਨ ਅਤੇ ਇਹ ਸੂਚੀਆਂ ਗਲੀ ਵਾਈਜ਼ ਅਤੇ ਘਰ ਵਾਈਜ਼ ਨਾ ਸਨ ਅਤੇ ਇਕ ਪਰਿਵਾਰ ਦੀਆਂ ਵੋਟਾਂ ਨੂੰ ਦੂਸਰੇ ਵਾਰਡਾਂ ਵਿਚ ਤਬਦੀਲ ਕਰ ਦਿੱਤਾ ਗਿਆ ਸੀ | ਇਸ ਦੇ ਨਾਲ ਹੀ ਨਾ ਤਾਂ ਮਰੇ ਹੋਏ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਸਨ ਅਤੇ ਨਾ ਹੀ ਸ਼ਹਿਰ ਛੱਡ ਕੇ ਜਾ ਚੁੱਕੇ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਸਨ | ਇਸ ਤੋਂ ਇਲਾਵਾ ਵੋਟਾਂ ਬਣਾਉਣ ਵਾਲੇ ਬੀ.ਐਲ.ਓ ਵਲੋਂ ਡੋਰ ਟੂ ਡੋਰ ਜਾ ਕੇ ਇਹ ਵੋਟਰ ਲਿਸਟਾਂ ਤਿਆਰ ਨਹੀਂ ਕੀਤੀਆਂ ਗਈਆਂ ਸਨ ਅਤੇ ਖਾਨਾਪੂਰਤੀ ਕਰਦੇ ਹੋਏ ਇਨ੍ਹਾਂ ਨੇ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਨੂੰ ਹੀ ਆਧਾਰ ਬਣਾ ਕੇ ਵੋਟਰ ਸੂਚੀ ਤਿਆਰ ਕਰ ਦਿੱਤੀ ਗਈ ਸੀ ਅਤੇ ਉਸ ਸਮੇਂ ਬੀ.ਐਲ.ਓ ਵਲੋਂ ਜਾਇਜ਼ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਸੀ ਕਿਉਂ ਕਿ ਕਈ ਵੋਟਰਾਂ ਨੂੰ ਆਪਣੇ ਵਾਰਡ ਦੀ ਲਿਸਟ ਦੇ ਵਿਚੋਂ ਨਾਮ ਨਹੀਂ ਮਿਲਿਆ ਅਤੇ ਬੂਥਾਂ ਤੋਂ ਵਾਪਸ ਆਉਣਾ ਪਿਆ ਸੀ ਅਤੇ ਹੁਣ ਭਾਰਤ ਸਰਕਾਰ ਵਲੋਂ ਐਸ.ਆਈ.ਆਰ ਦੀ ਮੁਹਿੰਮ ਸ਼ੁਰੂ ਕੀਤੀ ਗਈ ਜਿੰਨਾ ਚਿਰ ਵਿਧਾਨ ਸਭਾ ਦੀ ਵੋਟਰ ਸੂਚੀ ਦੀ ਦਰੁਸਤੀ ਨਹੀਂ ਹੋ ਜਾਂਦੀ ਉਨ੍ਹਾਂ ਚਿਰ ਨਗਰ ਨਿਗਮ ਦੀਆਂ ਵੋਟਰ ਸੂਚੀਆਂ ਨਿਰਪੱਖ ਨਹੀਂ ਬਣ ਸਕਦੀਆਂ | ਜਿਸ ਕਾਰਨ ਚੋਣਾਂ ਦੌਰਾਨ ਅਮਨ ਕਾਨੂੰਨ ਦੀ ਗੰਭੀਰ ਸਥਿਤੀ ਬਣ ਸਕਦੀ ਹੈ ਅਤੇ ਹੱਕੀ ਵੋਟਰ ਅਤੇ ਆਪਣੇ ਵੋਟ ਪਾਉਣ ਦੇ ਹੱਕ ਤੋਂ ਵਾਂਝੇ ਰਹਿ ਸਕਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਪੰਜਾਬ ਇਲੈੱਕਸ਼ਨ ਕਮਿਸ਼ਨ ਵਲੋਂ ਇਹ ਨਵੀਆਂ ਸੂਚੀਆਂ ਵਾਰਡ ਵਾਈਜ਼ ਤਿਆਰ ਕੀਤੀਆਂ ਜਾਂਦੀਆਂ ਹਨ ਤਾਂ ਬੀ.ਐਲ.ਓ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਵਾਰਡਾਂ ਵਿਚ ਗਲੀ ਵਾਈਜ਼ ਅਤੇ ਘਰ-ਘਰ ਖ਼ੁਦ ਜਾਣ ਅਤੇ ਵਾਰਡ ਵਿਚ ਮਰ ਚੁੱਕੇ ਅਤੇ ਵਾਰਡ ਛੱਡ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟਣ | ਉਪ ਮੰਡਲ ਮੈਜਿਸਟਰੇਟ ਨੇ ਉਕਤ ਸਮੱਸਿਆ ਨੂੰ ਹੱਲ ਕਰਵਾਉਣ ਦਾ ਭਰੋਸਾ ਦਵਾਇਆ |