ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਵਿਖੇ ਉਤਸ਼ਾਹ ਨਾਲ ਮਨਾਇਆ ਰੈੱਡ ਦਿਵਸ
ਅਜੀਤ ਡੈਸਕ
18-04-2026
ਫ਼ਾਜ਼ਿਲਕਾ,17 ਅਪ੍ਰੈਲ (ਦਵਿੰਦਰ ਪਾਲ ਸਿੰਘ)-ਸਥਾਨਕ ਜੀ.ਏ.ਵੀ.ਜੈਨ ਆਦਰਸ਼ ਵਿਦਿਆਲਿਆ ਵਿਖੇ 'ਰੈੱਡ ਡੇਅ' ਹਰਸ਼ੋ ਉਲਾਸ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਆਪਣੀ ਰਚਨਾਤਮਿਕਤਾ ਨਾਲ ਪੂਰੇ ਮਾਹੌਲ ਨੂੰ ਲਾਲ ਰੰਗ ਦੀ ਆਭਾ ਵਿਚ ਰੰਗ ਦਿੱਤਾ | ਸਕੂਲ ਦੇ ਪਿ੍ੰਸੀਪਲ ਨਰੇਸ਼ ਸਪੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ਼ਮ੍ਹਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਲਾਲ ਰੰਗ ਊਰਜਾ, ਪਿਆਰ ਅਤੇ ਉਤਸ਼ਾਹ ਦਾ ਪ੍ਰਤੀਕ ਹੈ | ਅਜਿਹੇ ਆਯੋਜਨਾਂ ਨਾਲ ਬੱਚਿਆਂ ਦੇ ਮਾਨਸਿਕ ਵਿਕਾਸ ਵਿਚ ਮਦਦ ਮਿਲਦੀ ਹੈ ਅਤੇ ਉਹ ਖੇਡ-ਖੇਡ ਵਿਚ ਰੰਗਾਂ ਦੇ ਮਹੱਤਵ ਨੂੰ ਸਮਝਦੇ ਹਨ | ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਰੰਗਾਂ ਦੀ ਪਛਾਣ ਕਰਵਾਉਣਾ ਹੈ | ਸਕੂਲ ਦੇ ਵਿਹੜੇ ਨੂੰ ਲਾਲ ਰੰਗ ਦੇ ਗ਼ੁਬਾਰਿਆਂ, ਰਿਬਨਾਂ ਅਤੇ ਵੱਖ-ਵੱਖ ਕਲਾਕਿ੍ਤੀਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ | ਇਸ ਮੌਕੇ ਸਾਰੇ ਬੱਚੇ ਲਾਲ ਰੰਗ ਦੀਆਂ ਸੁੰਦਰ ਪੋਸ਼ਾਕਾਂ ਪਹਿਨ ਕੇ ਸਕੂਲ ਪਹੁੰਚੇ | ਬੱਚਿਆਂ ਵਿਚ ਇਸ ਦਿਵਸ ਨੂੰ ਲੈ ਕੇ ਇੰਨਾ ਉਤਸ਼ਾਹ ਸੀ ਕਿ ਉਹ ਆਪਣੇ ਲੰਚ ਬਾਕਸ ਵਿਚ ਵੀ ਲਾਲ ਰੰਗ ਦੇ ਫਲ ਜਿਵੇਂ ਸੇਬ, ਅਨਾਰ, ਤਰਬੂਜ਼ ਅਤੇ ਸਟਰਾਬੇਰੀ ਲੈ ਕੇ ਆਏ ਸਨ | ਅਧਿਆਪਕਾਂ ਨੇ ਵੱਖ-ਵੱਖ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਇਸ ਰੰਗ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਪ੍ਰੋਗਰਾਮ ਵਿਚ ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ |