ਅਬੋਹਰ, 18 ਅਪ੍ਰੈਲ (ਸੁਖਜੀਤ ਸਿੰਘ ਬਰਾੜ, ਵਿਵੇਕ ਹੂੜੀਆ)-ਨਗਰ ਨਿਗਮ ਅਬੋਹਰ 'ਤੇ ਸਿਹਤ ਵਿਭਾਗ ਵਲੋਂ ਅਬੋਹਰ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਤੇ ਕਾਲੋਨੀਆਂ ਵਿਚ ਡੇਂਗੂ ਦੇ ਖ਼ਾਤਮੇ ਲਈ ਫੋਗਿੰਗ ਕਰਵਾਈ ਗਈ | ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਬੋਹਰ ਤੋਂ ਹਲਕਾ ਇੰਚਾਰਜ ਅਰੁਣ ਨਾਰੰਗ ਵਲੋਂ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਫੋਗਿੰਗ ਮਸ਼ੀਨਾਂ ਸਮੇਤ ਰਵਾਨਾ ਕੀਤਾ ਗਿਆ | ਇਨ੍ਹਾਂ ਟੀਮਾਂ ਵਲੋਂ ਅਬੋਹਰ ਸ਼ਹਿਰ ਦੇ ਚੰਡੀਗੜ੍ਹ ਮੁਹੱਲਾ, ਜੈਨ ਨਗਰੀ, ਧਰਮ ਨਗਰੀ, ਜੰਮੂ ਬਸਤੀ, ਅਬੋਹਰ ਕਲੱਬ, ਅਨੰਦ ਨਗਰੀ, ਆਰਿਆ ਨਗਰ, ਵਾਰਡ ਨੰਬਰ 1 ਤੇ 2 ਵਿਖੇ ਡੇਂਗੂ ਦੇ ਬਚਾਅ ਲਈ ਫੋਗਿੰਗ ਕਰਵਾਈ ਗਈ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਆਗਾਮੀ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਡੇਂਗੂ ਮਲੇਰੀਆ ਤੋਂ ਬਚਾਓ ਲਈ ਸ਼ਹਿਰ ਭਰ ਵਿਚ ਫੋਗਿੰਗ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬਦਲਦੇ ਮੌਸਮ ਦੇ ਚੱਲਦਿਆਂ ਮੱਛਰ ਵਧਣਾ ਸ਼ੁਰੂ ਹੋ ਗਿਆ ਹੈ ਅਤੇ ਪਿਛਲੇ ਦਿਨਾਂ ਵਿਚ ਬਰਸਾਤੀ ਮੌਸਮ ਆਉਣ ਤੇ ਇਲਾਕੇ ਵਿਚ ਮੱਛਰਾਂ ਦੇ ਕਾਰਨ ਡੇਂਗੂ ਤੇ ਮਲੇਰੀਆ ਫੈਲਣ ਦਾ ਖ਼ਤਰਾ ਵਧਿਆ ਹੈ ਜਿਸ ਨੂੰ ਦੇਖਦਿਆਂ ਸ਼ਹਿਰ ਭਰ ਵਿਚ ਫੋਗਿੰਗ ਕਰਵਾਈ ਜਾ ਰਹੀ ਹੈ | ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਦੇ ਰਿਕਾਰਡ ਅਨੁਸਾਰ ਜਿਹੜਾ ਏਰੀਆ ਜ਼ਿਆਦਾ ਡੇਂਗੂ ਪ੍ਰਭਾਵਿਤ ਸੀ ਪਹਿਲਾਂ ਉਸ ਵਿਚ ਫੋਗਿੰਗ ਕਰਵਾਈ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦੇ ਹਰ ਨਗਰ, ਕਸਬੇ ਤੇ ਵਾਰਡ ਵਿਚ ਫੋਗਿੰਗ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਨਗਰ ਨਿਗਮ ਤੇ ਸਿਹਤ ਵਿਭਾਗ ਦੀ ਟੀਮ ਦੀ ਸਹਾਇਤਾ ਨਾਲ ਇਹ ਅਭਿਆਨ ਚਲਾਇਆ ਜਾ ਰਿਹਾ ਹੈ! ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਆਉਣ ਵਾਲੇ ਸਮੇਂ ਵਿਚ ਡੇਂਗੂ ਵਰਗੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕੇ | ਉਨ੍ਹਾਂ ਕਿਹਾ ਕਿ ਸ਼ਹਿਰ ਸਾਫ਼-ਸੁਥਰਾ ਤੇ ਸ਼ਹਿਰ ਵਾਸੀ ਸਿਹਤ ਪੱਖੋਂ ਤੰਦਰੁਸਤ ਰਹਿਣ ਇਸ ਲਈ ਇਹ ਗਤੀਵਿਧੀਆਂ ਜਾਰੀ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਵਿਚ ਕਿਸੇ ਵੀ ਥਾਂ 'ਤੇ ਪਾਣੀ ਨਾ ਖੜ੍ਹਾ ਹੋਣ ਦਿੱਤਾ ਜਾਵੇ |