ਫ਼ਾਜ਼ਿਲਕਾ, 21 ਅਪ੍ਰੈਲ(ਦਵਿੰਦਰ ਪਾਲ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਾਰੀ ਕੀਤੀ ਗਈ ਡਰਾਫ਼ਟ ਵੋਟਰ ਸੂਚੀ ਵਿਚ ਗੜਬੜੀਆਂ ਦੇ ਵਿਰੋਧ ਵਿਚ ਅੱਜ ਭਾਰਤੀ ਜਨਤਾ ਪਾਰਟੀ ਨੇ ਮੋਰਚਾ ਖੋਲ੍ਹ ਦਿੱਤਾ ਹੈ | ਸਾਬਕਾ ਕੈਬਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਅਗਵਾਈ ਵਿਚ ਭਾਜਪਾ ਦਾ ਇੱਕ ਵੱਡਾ ਵਫ਼ਦ ਨਗਰ ਕੌਂਸਲ ਦਫ਼ਤਰ ਪਹੁੰਚਿਆ ਅਤੇ ਸਬੂਤਾਂ ਸਮੇਤ ਵੱਖ-ਵੱਖ ਵਾਰਡਾਂ ਦੇ ਲਿਖਤੀ ਇਤਰਾਜ਼ ਦਰਜ ਕਰਵਾਏ | ਸਾਬਕਾ ਮੰਤਰੀ ਜਿਆਣੀ ਨੇ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਾਰ ਦੇ ਡਰ ਤੋਂ ਸਰਕਾਰ ਪਹਿਲਾਂ ਗ਼ਲਤ ਵਾਰਡਬੰਦੀ ਅਤੇ ਹੁਣ ਗ਼ਲਤ ਵੋਟਰ ਸੂਚੀਆਂ ਦੀ ਆੜ ਵਿਚ ਚੋਣਾਂ ਜਿੱਤਣ ਦੀ ਸਾਜ਼ਿਸ਼ ਰਚ ਰਹੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਭਾਜਪਾ ਪਹਿਲਾਂ ਵੀ ਇਸ ਮਾਮਲੇ ਨੂੰ ਲੈ ਕੇ ਅਦਾਲਤ ਗਈ ਸੀ ਅਤੇ ਜੇਕਰ ਹੁਣ ਵੀ ਸੂਚੀਆਂ ਠੀਕ ਨਾ ਕੀਤੀਆਂ ਗਈਆਂ ਤਾਂ ਪਾਰਟੀ ਮੁੜ ਕਾਨੂੰਨੀ ਰਸਤਾ ਅਪਣਾਏਗੀ | ਸੂਬਾ ਮੀਡੀਆ ਇੰਚਾਰਜ ਸੁਬੋਧ ਵਰਮਾ ਨੇ ਕਿਹਾ ਕਿ ਪਿਛਲੇ 5 ਸਾਲਾਂ ਵਿਚ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਨੇ ਸ਼ਹਿਰ ਦਾ ਕੋਈ ਵਿਕਾਸ ਨਹੀਂ ਕਰਵਾਇਆ | ਮੰਡਲ ਪ੍ਰਧਾਨ ਰਮੇਸ਼ ਕਟਾਰੀਆ ਨੇ ਕਿਹਾ ਕਿ ਭਾਜਪਾ ਦੇ ਸਾਰੇ 25 ਉਮੀਦਵਾਰ ਡਟ ਕੇ ਚੋਣ ਲੜਨਗੇ ਅਤੇ ਜਨਤਾ ਦੇ ਆਸ਼ੀਰਵਾਦ ਨਾਲ ਜਿੱਤ ਹਾਸਲ ਕਰਨਗੇ | ਇਸ ਮੌਕੇ ਗੋਲਡੀ ਸਚਦੇਵਾ, ਰਾਕੇਸ਼ ਸਹਿਗਲ, ਡਾ.ਰਮੇਸ਼ ਵਰਮਾ, ਨੀਨੂ ਪ੍ਰਣਾਮੀ, ਰੀਗਲ ਗੋਇਲ, ਵਿਨੋਦ ਭੁਵਾਨੀਆ, ਤਾਰਾ ਚੰਦ, ਅੰਕੁਸ਼ ਫੁਟੇਲਾ, ਸੁਮਨ ਕਟਾਰੀਆ ਅਤੇ ਹੋਰ ਭਾਜਪਾ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ | ਜ਼ਿਕਰਯੋਗ ਹੈ ਕਿ ਵੋਟਰ ਸੂਚੀਆਂ 'ਤੇ ਇਤਰਾਜ਼ 23 ਅਪ੍ਰੈਲ ਤੱਕ ਲਏ ਜਾਣਗੇ, ਜਿਸ ਤੋਂ ਬਾਅਦ ਅੰਤਿਮ ਸੂਚੀ ਪ੍ਰਕਾਸ਼ਿਤ ਕੀਤੀ ਜਾਵੇਗੀ |