ਫ਼ਾਜ਼ਿਲਕਾ, 23 ਅਪ੍ਰੈਲ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 'ਸਿੱਖਿਆ ਦੇ ਅਧਿਕਾਰ' ਤਹਿਤ ਲੋੜਵੰਦ ਬੱਚਿਆਂ ਨੂੰ ਨਿੱਜੀ ਸਕੂਲਾਂ ਵਿਚ ਮੁਫ਼ਤ ਦਾਖ਼ਲਾ ਦਿਵਾਉਣ ਲਈ ਬਣਾਇਆ ਗਿਆ ਪੋਰਟਲ ਇਸ ਸਮੇਂ ਤਕਨੀਕੀ ਖ਼ਾਮੀਆਂ ਦਾ ਸ਼ਿਕਾਰ ਹੈ | ਇਸ ਗੰਭੀਰ ਸਮੱਸਿਆ ਬਾਰੇ ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਨਿਵਾਸੀ ਨਵਨੀਤ ਕੁਮਾਰ ਨੇ ਦੱਸਿਆ ਕਿ ਸਰਕਾਰ ਨੇ ਇਹ ਪੋਰਟਲ ਪਹਿਲਾਂ ਹੀ ਬਹੁਤ ਦੇਰੀ ਨਾਲ ਖੋਲਿ੍ਹਆ ਹੈ, ਜਦਕਿ ਬਹੁਤੇ ਨਿੱਜੀ ਸਕੂਲਾਂ ਵਿਚ ਦਾਖ਼ਲਾ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਹੈ | ਨਵਨੀਤ ਕੁਮਾਰ ਨੇ ਦੱਸਿਆ ਕਿ ਪੋਰਟਲ 'ਤੇ ਮਾਪਿਆਂ ਅਤੇ ਵਿਦਿਆਰਥੀਆਂ ਦਾ ਪੂਰਾ ਵੇਰਵਾ ਵਾਰ-ਵਾਰ ਭਰਨ ਦੇ ਬਾਵਜੂਦ ਸਕੂਲਾਂ ਦੀ ਸੂਚੀ ਦਿਖਾਈ ਨਹੀਂ ਦੇ ਰਹੀ | ਸਕੂਲ ਚੋਣ ਵਾਲੇ ਕਾਲਮ ਵਿਚ ਲਗਾਤਾਰ ਤਕਨੀਕੀ ਨੁਕਸ ਆ ਰਿਹਾ ਹੈ, ਜਿਸ ਕਾਰਨ ਫਾਰਮ ਜਮਾਂ ਕਰਨਾ ਅਸੰਭਵ ਹੋ ਗਿਆ ਹੈ | ਪੀੜਤ ਮਾਪਿਆਂ ਅਨੁਸਾਰ ਇਸ ਸਮੱਸਿਆ ਬਾਰੇ ਸਬੰਧਿਤ ਵਿਭਾਗ ਨੂੰ ਈ-ਮੇਲ ਰਾਹੀਂ ਵੀ ਸੂਚਿਤ ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ | ਜ਼ਿਕਰਯੋਗ ਹੈ ਕਿ ਇਸ ਸਾਈਟ ਦੇ ਬੰਦ ਹੋਣ ਵਿਚ ਹੁਣ ਸਿਰਫ਼ 2 ਦਿਨ ਹੀ ਬਾਕੀ ਰਹਿ ਗਏ ਹਨ | ਜੇਕਰ ਵਿਭਾਗ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਬਹੁਤ ਸਾਰੇ ਯੋਗ ਬੱਚੇ ਇਸ ਮੁਫ਼ਤ ਸਿੱਖਿਆ ਦੀ ਸਹੂਲਤ ਤੋਂ ਵਾਂਝੇ ਰਹਿ ਜਾਣਗੇ | ਪਰੇਸ਼ਾਨ ਮਾਪਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੋਰਟਲ ਦੀ ਇਸ ਤਕਨੀਕੀ ਖ਼ਾਮੀ ਨੂੰ ਤੁਰੰਤ ਦੂਰ ਕੀਤਾ ਜਾਵੇ | ਫਾਰਮ ਭਰਨ ਦੀ ਆਖ਼ਰੀ ਮਿਤੀ ਵਿਚ ਵਾਧਾ ਕੀਤਾ ਜਾਵੇ ਤਾਂ ਜੋ ਤਕਨੀਕੀ ਦਿੱਕਤਾਂ ਕਾਰਨ ਪਛੜ ਗਏ ਪਰਿਵਾਰਾਂ ਨੂੰ ਰਾਹਤ ਮਿਲ ਸਕੇ |