ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਨਜ਼ਦੀਕੀ ਪਿੰਡ ਮੂਲਿਆਵਾਲੀ ਵਿਚ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਜਾਣ ਦੀ ਖਬਰ ਹੈ | ਮਿ੍ਤਕ ਦੀ ਪਛਾਣ ਰਵਿੰਦਰ ਸਿੰਘ ਵਜੋਂ ਹੋਈ ਹੈ, ਜਿਸ ਦੀ ਲਾਸ਼ ਪਿੰਡ ਦੇ ਨੇੜੇ ਝਾੜੀਆਂ ਵਿਚੋਂ ਬੇਸੁੱਧ ਹਾਲਤ ਵਿਚ ਮਿਲੀ | ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਤੁਰੰਤ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਦੇ ਪਿਤਾ ਸੇਵਾ ਸਿੰਘ ਅਤੇ ਜੀਜਾ ਮਲਕੀਤ ਸਿੰਘ ਨੇ ਸਹੁਰੇ ਪੱਖ 'ਤੇ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਰਵਿੰਦਰ ਸਿੰਘ ਨੂੰ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਵਲੋਂ ਮਾਨਸਿਕ ਤੌਰ 'ਤੇ ਬਹੁਤ ਪਰੇਸ਼ਾਨ ਕੀਤਾ ਜਾਂਦਾ ਸੀ | ਉਨ੍ਹਾਂ ਦੱਸਿਆ ਕਿ ਰਵਿੰਦਰ ਜ਼ਿਆਦਾਤਰ ਸਮਾਂ ਆਪਣੇ ਸਹੁਰੇ ਘਰ ਹੀ ਰਹਿੰਦਾ ਸੀ ਪਰ ਉੱਥੇ ਮਿਲਦੇ ਤਸੀਹਿਆਂ ਕਾਰਨ ਉਹ ਕਾਫ਼ੀ ਤਣਾਅ ਵਿਚ ਰਹਿਣ ਲੱਗ ਪਿਆ ਸੀ | ਪਰਿਵਾਰ ਅਨੁਸਾਰ ਇਸੇ ਮਾਨਸਿਕ ਪਰੇਸ਼ਾਨੀ ਕਾਰਨ ਉਹ ਨਸ਼ੇ ਦੀ ਲਪੇਟ ਵਿਚ ਵੀ ਆ ਗਿਆ ਸੀ | ਜ਼ਿਕਰਯੋਗ ਹੈ ਕਿ ਮਿ੍ਤਕ ਦੀ ਪਤਨੀ ਅੱਠ ਮਹੀਨੇ ਦੀ ਗਰਭਵਤੀ ਹੈ | ਪੁੱਤਰ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਮਿ੍ਤਕ ਦੀ ਮਾਂ ਹਸਪਤਾਲ ਵਿਚ ਹੀ ਬੇਹੋਸ਼ ਹੋ ਗਈ, ਜਿਸ ਨੂੰ ਇਲਾਜ ਲਈ ਐਮਰਜੈਂਸੀ ਵਿਚ ਭਰਤੀ ਕਰਵਾਉਣਾ ਪਿਆ | ਸਰਕਾਰੀ ਹਸਪਤਾਲ ਦੇ ਡਾਕਟਰ ਕਰਨ ਨੇ ਦੱਸਿਆ ਕਿ ਨੌਜਵਾਨ ਨੂੰ ਮਿ੍ਤਕ ਹਾਲਤ ਵਿਚ ਲਿਆਂਦਾ ਗਿਆ ਸੀ | ਫ਼ਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗੇਗਾ, ਜਿਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ |